ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਵੱਲੋਂ ਸਮੂਹ ਲੋਕਾਈ ਦੇ ਨਾਂ ਵਿਸਾਖੀ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਬੇਸ਼ੱਕ ਕੋਰੋਨਾਵਾਇਰਸ ਕਾਰਨ ਸੰਗਤਾਂ ਘਰਾਂ ਵਿੱਚ ਹਨ, ਫਿਰ ਵੀ ਫੇਸਬੁੱਕ ਦੇ ਮਾਧਿਅਮ ਰਾਹੀਂ ਗੁਰੂ ਜਸ ਘਰ ਘਰ ਪਹੁੰਚਾਉਣ ਵਾਲੇ ਨੌਜਵਾਨ ਵਧਾਈ ਦੇ ਪਾਤਰ ਹਨ। ਜ਼ਿਕਰਯੋਗ ਹੈ ਕਿ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ, ਸਕਾਟਲੈਂਡ ਭਰ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਹੋਣ ਦਾ ਮਾਣ ਰੱਖਦਾ ਹੈ। ਇੰਨੇ ਵੱਡੇ ਅਦਾਰੇ ਦੇ ਵਡੇਰੇ ਪ੍ਰਬੰਧ ਕਾਰਜਾਂ ਨੂੰ ਬਾਖੂਬੀ ਨਿਭਾਉਂਦੀ ਆ ਰਹੀ ਸੂਝਵਾਨ ਟੀਮ ਦੇ ਫੈਸਲੇ ਅਕਸਰ ਹੀ ਸਲਾਹੁਣਯੋਗ ਹੁੰਦੇ ਹਨ। ਪ੍ਰਬੰਧਕਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਸੇਵਾਦਾਰ ਨੌਜਵਾਨਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਗਲਾਸਗੋ ਦਾ ਨਾਂ ਵਿਸ਼ਵ ਭਰ ਵਿੱਚ ਚਮਕਿਆ ਹੈ।
“ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਚੌਧਰੀ ਜੀ ਨੇ ਜਿੱਥੇ ਸੇਵਾਦਾਰ ਨੌਜਵਾਨਾਂ ਨੂੰ ਹਰ ਸੰਭਵ ਸਾਥ ਦਾ ਭਰੋਸਾ ਦਿਵਾਇਆ, ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਹੈ। ਸੰਗਤਾਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਹਨਾਂ ਸਮੁੱਚੀ ਮਾਨਵਤਾ ਦੇ ਭਲੇ ਦੀ ਕਾਮਨਾ ਕੀਤੀ।