ਜਦੋਂ ਨੈਣ ਗੱਲਾਂ ਕਰਦੇ ਨੇ, ਬੁੱਲ ਹੱਸਦੇ ਨੇ, ਵਲਵਲੇ ਅੰਗੜਾਈਆਂ ਲੈਂਦੇ ਨੇ, ਰੂਹਾਂ ਨਸ਼ਿਆਉਂਦੀਆ ਨੇ, ਉਸ ਰੁੱਤ ਪਾਈਆਂ ਬਾਤਾਂ ਕਈ ਵਾਰ ਅਸੀਂ ਜ਼ਿੰਦਗੀ ਭਰ ਬੁੱਝ ਨਹੀਂ ਸਕਦੇ। ਇੱਕ ਹੀ ਹੁੰਗਾਰੇ ਨਾਲ ਦੁਨੀਆ ਬਦਲ ਜਾਂਦੀ ਹੈ, ਅਜਨਬੀ ਕਲਬੂਤ ਇੱਕ ਹੀ ਝਟਕੇ ਦੋ ਸਰੀਰ ਇੱਕ ਜਾਨ ਹੋ ਜਾਂਦੇ ਹਨ। ਸਾਰੀਆ ਪਗਡੰਡੀਆ ਸਮਦਿਸ਼ਾਵੀ ਹੋ ਨਿਬੜਦੀਆ ਹਨ, ਹਾਣੀ ਦੀ ਚੁੰਬਕਤਾ ਇਨਸਾਨ ਨੂੰ ਖਿੱਚੀ ਤੁਰੀ ਜਾਂਦੀ ਹੈ, ਕੁਝ ਪਤਾ ਨਹੀਂ ਲੱਗਦਾ ਕਿ ਕਿੱਧਰ ਤੁਰੇ ਸੀ ਤੇ ਕਿੱਥੇ ਪਹੁੰਚ ਗਏ, ਇੱਕ ਹੀ ਚਿਹਰਾ, ਇੱਕ ਹੀ ਅੱਖਾਂ, ਇੱਕ ਹੀ ਵਜੂਦ ਏਨਾ ਮਹੱਤਵਪੂਰਨ ਹੋ ਜਾਂਦਾ, ਬਾਕੀ ਸਭ ਰਿਸ਼ਤੇ ਨਿਗੂਣੇ, ਹਵਾ ਵਿੱਚ ਲਿਖੇ ਹਰਫ ਦਿਲਾਂ ਤੇ ਉੱਕਰ ਜਾਂਦੇ ਹਨ, ਇਸ਼ਕੇ ਦੀ ਨਦੀ ਜਦੋਂ ਆਪਣੇ ਤੀਬਰ ਵੇਗ ਵਿੱਚ ਊਬੜ ਖਾਬੜ ਧਰਤ ਤੇ ਪੂਰੇ ਜੋਸ਼ੋ ਖਰੋਸ਼ ਨਾਲ ਪਲਸੇਟੇ ਮਾਰਦੀ ਹੈ ਤਾਂ ਬਹੁਤ ਕੁਝ ਰੁੜ ਜਾਂਦਾ ਇਸ ਸੁਨਾਮੀ ਵਿੱਚ, ਰਸਮਾਂ ਕਸਮਾਂ ਦਾ ਘਮਸਾਨ ਯੁੱਧ, ਇੱਜਤਾ ਅਣਖਾਂ ਦੀ ਗਹਿਗੱਚ ਲੜਾਈ, ਪੰਜਾਬ ਦਾ ਇਸ਼ਕ ਬਹੁਤਾ ਦੁਖਾਂਤਿਕ ਹੈ, ਬਿਖਰੇ ਤਿਣਕਿਆ ਨੂੰ ਸੰਭਲਣਾ ਔਖਾ ਹੋ ਜਾਂਦਾ, ਇੱਕ ਵਾਰ ਤਾਂ ਇੰਜ ਲਗਦਾ ਜਿਵੇਂ ਦੁਨੀਆ ਹੀ ਮੁੱਕ ਹੀ ਗਈ ਹੋਵੇ, ਕਈ ਸੱਚਮੁੱਚ ਮੁੱਕ ਵੀ ਜਾਂਦੇ ਹਨ, ਪਰ ਬਹੁਤਿਆ ਦੀ ਗੱਡੀ ਹੌਲੀ ਹੌਲੀ ਨਵੀਆਂ ਲੀਹਾਂ ਤੇ ਰਿੜ ਪੈਂਦੀ ਹੈ, ਪੁਰਾਣੇ ਜਖਮ ਭਰ ਜਾਂਦੇ ਹਨ ਤੇ ਨਵੀਆਂ ਕਿਲਕਾਰੀਆ ਕੈਨਵਸ ਤੇ ਨਵੇ ਰੰਗ ਭਰ ਦਿੰਦੀਆਂ, ਸੱਜਰੀਆਂ ਤਸਵੀਰਾਂ ਪੁਰਾਣੀ ਕੰਸ ਤੇ ਨਵੇ ਸੂਰਜਾ ਨੂੰ ਜਨਮ ਦਿੰਦੀਆਂ ਨੇ, ਜ਼ਿੰਦਗੀ ਆਪਣੇ ਰੇੜੇ ਪੈ ਜਾਂਦੀ ਹੈ, ਚੇਤਿਆ ਚ ਵਸੇ ਰੰਗਲੇ ਚਿਹਰੇ ਸਮਿਆਂ ਦੀ ਮਾਰ ਨਾ ਝੱਲਦੇ ਹੋਏ ਧੁੰਦਲੇ ਪੈ ਜਾਂਦੇ ਹਨ, ਤੂਫਾਨਾ ਦੇ ਵੇਗ, ਹੁੰਮਸ ਦੇ ਹੰਝੂਆਂ ਚ ਖਾਮੋਸ਼ ਹੋ ਜਾਂਦੇ ਹਨ। ਪੁਰਾਣੇ ਪੱਤਰ ਝੜਦੇ ਹਨ ਤੇ ਨਵੀਆਂ ਕਰੁੰਬਲਾ ਫੁੱਟ ਪੈਂਦੀਆ ਹਨ। ਰਾਤ ਦੀ ਗਹਿਰ ਵਿੱਚ ਵਗੇ ਹੰਝੂ ਪਹੁੰਫੁੱਟੀ ਦੀ ਲਾਲੀ ਆਪੇ ਹੀ ਹਾਸਿਆ ਵਿੱਚ ਵਟਾ ਲੈਂਦੀ ਹੈ, ਜਿੰਦਗੀ ਦੀ ਭਰੀ ਮੁੱਠੀ ਵਿੱਚੋ ਜੋ ਬੀਤ ਗਿਆ ਉਸਨੂੰ ਇੱਕ ਬਹਿਸ਼ਤੀ ਸੁਪਨਾ ਸਮਝਕੇ ਚੇਤਿਆ ਚ ਵਸਾ ਲਵੋ ਪਰ ਅੱਜ ਦੀ ਹਕੀਕਤ ਨਾਲ ਰਲਗੱਡ ਨਾ ਕਰੋ, ਕੱਚ ਦੇ ਮਹਿਲ ਇੱਕ ਠੋਕਰ ਨਾਲ ਕੀਚਰਾ ਕੀਚਰਾ ਹੋ ਜਾਂਦੇ ਹਨ। ਗੁਜਰੇ ਹੋਏ ਕੱਲ ਦੀਆ ਬੀਤੀਆ ਕਹਾਣੀਆਂ ਨੂੰ ਵਾਰ ਵਾਰ ਦੁਹਰਾਕੇ ਨਾ ਤੇ ਅੱਜ ਦੀ ਕਵਿਤਾ ਦੀਆ ਬਹਿਰਾਂ ਦੀ ਤਰਤੀਬ ਵਿਗਾੜੋ ਤੇ ਨਾ ਹੀ ਭਵਿੱਖ ਦੇ ਨਾਵਲਾ ਦੇ ਪਲਾਟ।
Bittu Khangurha
+447877792555