?ਜਲਾਲਾਬਾਦ ’ਚ ਡਾਕਟਰਾਂ, ਪੁਲਿਸ ਜਵਾਨਾਂ ਤੇ ਹੋਰ ਕਾਮਿਆਂ ਨੂੰ ਸਹੂਲਤਾਂ ਪੱਖੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਂਝਾ-ਵਿਧਾਇਕ ਰਮਿੰਦਰ ਆਂਵਲਾ
ਜਲਾਲਾਬਾਦ, ਮੋਗਾ ( ਰਾਜਿੰਦਰ ਭਦੌੜੀਆ , ਮਿੰਟੂ ਖੁਰਮੀ)

ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਨੇ ਆਪਣੇ ਨਿੱਜੀ ਖ਼ਰਚੇ ’ਚੋਂ ਐਸ.ਐਮ.ਓ ਡਾ. ਅੰਕੁਰ ਉੱਪਲ ਅਤੇ ਨੋਡਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਅਤੇ ਸਟਾਫ ਦੀ ਮੌਜੂਦਗੀ ’ਚ ਸਿਵਲ ਹਸਪਤਾਲ ਜਲਾਲਾਬਾਦ ਨੂੰ ਦੋ ਵੈਂਟੀਲੇਟਰ ਸੌਂਪੇ।
ਇੱਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਵਿਧਾਇਕ ਰਮਿੰਦਰ ਆਵਲਾ ਵਲੋਂ ਕੁੱਝ ਦਿਨ ਪਹਿਲਾਂ 4 ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਸੀ, ਜਿਸ ਵਿੱਚ 2 ਫ਼ਾਜ਼ਿਲਕਾ ਤੇ 2 ਜਲਾਲਾਬਾਦ ਹਸਪਤਾਲ ਲਈ ਐਲਾਨੇ ਗਏ ਸਨ। ਇਨ੍ਹਾਂ ’ਚ 2 ਫ਼ਾਜ਼ਿਲਕਾ ਹਸਪਤਾਲ ਨੂੰ ਕੁਝ ਦਿਨ ਪਹਿਲਾਂ ਅਤੇ ਅੱਜ ਜਲਾਲਾਬਾਦ ਦੇ ਸਿਵਲ ਹਸਪਤਾਲ ਨੂੰ ਸੌਂਪ ਦਿੱਤੇ। ਇਸ ਤੋਂ ਪਹਿਲਾਂ ਵਿਧਾਇਕ ਰਮਿੰਦਰ ਆਵਲਾ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੂੰ 150 ਸੇਫ਼ਟੀ ਕਿੱਟਾਂ ਵੀ ਮੁਹੱਈਆ ਕਰਵਾਈਆਂ ਸਨ ਅਤੇ ਨਾਲ ਹੀ ਦਿਨ ਰਾਤ ਪੁਲਿਸ ਮਹਿਕਮੇ ਦੀ ਡਿੳੂਟੀ ਕਰ ਰਹੇ ਕਰਮਚਾਰੀਆਂ ਨੂੰ ਕਿੱਟਾਂ ਮੁਹੱਈਆ ਕਰਵਾਈਆਂ ਸਨ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਆਮ ਜਨਤਾ ਦੀ ਸੁਰੱਖਿਆ ਸਿਹਤ ਸਟਾਫ਼ ਤੇ ਅਧਾਰਿਤ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ’ਚ ਸਿਵਲ ਹਸਪਤਾਲ ਅਤੇ ਪੁਲਿਸ ਕਰਮਚਾਰੀਆਂ ਨੂੰ ਕਿਸੇ ਵੀ ਪ੍ਰਕਾਰ ਵੀ ਸਹੂਲਤਾਂ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੇ ਸੂਬੇ ਅੰਦਰ ਪੁਲਿਸ ਵਿਭਾਗ, ਸਿਹਤ ਵਿਭਾਗ ਦੀ ਲਗਾਤਾਰ ਹੌਸਲਾ ਹਫਜਾਈ ਕਰ ਰਹੇ ਹਨ ਅਤੇ ਉਨ੍ਹਾਂ ਦਾ ਵੀ ਫਰਜ ਹੈ ਕਿ ਇਨ੍ਹਾਂ ਲਈ ਯੋਗ ਸਹੂਲਤਾਂ ਦਿੱਤੀਆ ਜਾਣ।
ਇਸ ਮੌਕੇ ਐਸਐਮਓ ਡਾ. ਅੰਕੁਰ ਉੱਪਲ ਨੇ ਕਿਹਾ ਕਿ ਵਿਧਾਇਕ ਆਵਲਾ ਦੀ ਸੋਚ ਆਮ ਲੋਕਾਂ ਪ੍ਰਤੀ ਅਤੇ ਖ਼ਾਸਕਰ ਆਪਣੀਆਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਪ੍ਰਤੀ ਸੁਚਾਰੂ ਹੈ। ਜਿੰਨ੍ਹਾਂ ਨੇ ਆਪਣੀ ਜੇਬ ’ਚ ਲੱਖਾਂ ਰੁਪਏ ਖ਼ਰਚ ਕਰਕੇ ਸਿਵਲ ਹਸਪਤਾਲ ਨੂੰ ਸਮਾਨ ਮੁਹੱਈਆ ਕਰਵਾਇਆ ਅਤੇ ਇਨ੍ਹਾਂ ਸੇਫ਼ਟੀ ਕਿੱਟਾਂ ਦੇ ਮਿਲਣ ਤੋ ਬਾਅਦ ਸਟਾਫ਼ ਲਈ ਆਪਣੀ ਸੁਰੱਖਿਆ ਯਕੀਨੀ ਹੋਈ ਹੈ। ਜਿਸ ਕਾਰਣ ਉਹ ਹਰੇਕ ਮਰੀਜ਼ ਦਾ ਬੇਝਿਜਕ ਚੈੱਕਅਪ ਕਰ ਰਹੇ ਹਨ ਅਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਵਿਧਾਇਕ ਦੇ ਪਰਿਵਾਰਕ ਮੈਂਬਰ ਜੋਨੀ ਆਵਲਾ, ਸਚਿਨ ਆਵਲਾ, ਸੁਮਿਤ ਆਵਲਾ, ਕਾਕਾ ਕੰਬੋਜ ਤੋਂ ਇਲਾਵਾ ਡੀਐਸਪੀ ਜਸਪਾਲ ਸਿੰਘ, ਐਸਐਚਓ ਅਮਰਿੰਦਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।