ਰਾਏਕੋਟ 14 ਅਪ੍ਰੈਲ (ਰਘਵੀਰ ਸਿੰਘ ਜੱਗਾ)
ਰਾਏਕੋਟ ਪ੍ਰਸਾਸ਼ਨ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਤਹਿਤ ਘਰ ਵਿੱਚ ਇਕਾਂਤਵਾਸ ‘ਚ ਕੀਤੇ ਪਿੰਡ ਤਾਜਪੁਰ ਦੇ ਇੱਕ ਵਿਅਕਤੀ ਵੱਲੋਂ ਪ੍ਰਸ਼ਾਸਨ ਵਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕਰਨ ‘ਤੇ ਰਾਏਕੋਟ ਸਦਰ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੈਕਟਰ ਅਫਸਰ ਦਰਬਾਰਾ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਤਾਜਪੁਰ, ਜੋ ਟਰੱਕ ਡਰਾਇਵਰ ਹੈ ਅਤੇ ਪਿਛਲੇ ਦਿਨੀਂ ਇੰਦੌਰ ਤੋਂ ਵਾਪਸ ਆਇਆ ਹੈ, ਜਿਸ ‘ਤੇ ਐਸ.ਐਮ.ਓ ਸਰਕਾਰੀ ਹਸਪਤਾਲ ਗੁਰੂਸਰ ਸੁਧਾਰ ਨੇ ਉਸ ਨੂੰ 11 ਅਪ੍ਰੈਲ 2020 ਤੋਂ 25 ਅਪ੍ਰੈਲ 2020 ਤੱਕ ਘਰ ਵਿਚ ਹੀ ਕੋਆਂਰੰਟਾਈਨ ਕੀਤਾ ਗਿਆ ਸੀ, ਪ੍ਰੰਤੂ ਪਿਛਲੇ ਦਿਨੀਂ ਐਸ.ਐਮ.ਓ ਸਰਕਾਰੀ ਹਸਪਤਾਲ ਰਾਏਕੋਟ ਵੱਲੋਂ ਚੈਕਿੰਗ ਦੌਰਾਨ ਉਕਤ ਵਿਅਕਤੀ ਆਪਣੇ ਘਰ ਵਿਚ ਮੌਜੂਦ ਨਹੀ ਪਾਇਆ ਗਿਆ। ਜਿਸ ‘ਤੇ ਐਸ.ਐਮ.ਓ ਰਾਏਕੋਟ ਵੱਲੋਂ ਇਸ ਸਬੰਧ ਵਿਚ ਰਿਪੋਰਟ ਐਸ.ਡੀ.ਐੱਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਕੋਲ ਭੇਜੀ ਗਈ। ਜਿਸ ਤੇ ਕਾਰਵਾਈ ਕਰਦਿਆਂ ਐਸ.ਡੀ.ਐਮ ਰਾਏਕੋਟ ਵੱਲੋਂ ਉਕਤ ਦੀ ਪੜਤਾਲ ਕਰਨ ਲਈ ਕਿਹਾ ਗਿਆ। ਜਿਸ ਦੇ ਅਧਾਰ ‘ਤੇ ਜਦੋਂ ਉਨ੍ਹਾਂ ਪੁਲਿਸ ਪ੍ਰਸਾਸ਼ਨ ਅਤੇ ਪਿੰਡ ਦੇ ਮੋਹਤਵਰਾਂ ਦੀ ਮੌਜੂਦਗੀ ਵਿਚ ਪੜਤਾਲ ਕੀਤੀ ਤਾਂ ਉਕਤ ਵਿਅਕਤੀ ਆਪਣੇ ਘਰ ਵਿਚ ਮੌਜੂਦ ਨਹੀਂ ਸੀ। ਇਸ ਸਬੰਧ ਸੈਕਟਰ ਅਫਸਰ ਦਰਬਾਰਾ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆ ਰਾਏਕੋਟ ਸਦਰ ਪੁਲਿਸ ਨੇ 188, 269 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।