10.3 C
United Kingdom
Saturday, June 6, 2026

More

    ਆਂਗਣਵਾੜੀ ਮੁਲਾਜਮਾਂ ਨੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ

    ਅਸ਼ੋਕ ਵਰਮਾ
    ਬਠਿੰਡਾ, 17 ਅਕਤੂਬਰ2020। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਵਾਉਣ ਲਈ ਹੁਣ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਿੱਖਿਆ ਮੰਤਰੀ, ਮਹਿਕਮੇ ਦੀ ਵਜ਼ੀਰ ਅਤੇ ਮੱਖ ਮੰਤਰੀ ਦੇ ਸ਼ਾਹੀ ਸ਼ਹਿਰ ਨੂੰ ਨਿਸ਼ਾਨੇ ਤੇ ਲਿਆ ਹੈ। ਨਵੀਂ ਤਜਵੀਜ ਅਨੁਸਾਰ 1 ਨਵੰਬਰ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਵਿਚਲੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਦੋਂਕਿ 8 ਨਵੰਬਰ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਦੇ ਦੀਨਾਨਗਰ ’ਚ ਘਰ ਅੱਗੇ ਅਤੇ 22 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਰੋਸ ਵਿਖਾਵੇ ਦੀ ਰਣਨੀਤੀ ਘੜੀ ਗਈ ਹੈ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਐਲਾਨ ਤੋਂ ਪਹਿਲਾਂ ਮਾਲਵਾ ਖੇਤਰ ਦੇ ਜਿਲ੍ਹਿਆਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜਿਲਕਾ, ਫਿਰੋਜਪੁਰ, ਮੋਗਾ, ਸੰਗਰੂਰ, ਬਰਨਾਲਾ ਅਤੇ ਮਾਨਸਾ ਆਦਿ ਤੋਂ ਆਈਆਂ ਆਗੂਆਂ ਨਾਲ ਮੀਟਿੰਗ ਕਰਕੇ ਆਪਣੀ ਤਾਕਤ ਨੂੰ ਨਾਪਿਆ।
                   ਸੂਬਾ ਪ੍ਰਧਾਨ ਨੇ ਹਰ ਜਿਲ੍ਹਾ ਅਤੇ ਬਲਾਕ ਪ੍ਰਧਾਨ ਨੂੰ ਇਕੱਲੀ ਇਕੱਲੀ ਕਰਕੇ ਸੰਘਰਸ਼ ਪ੍ਰਤੀ ਉਨਾਂ ਦੀ ਤਾਜਾ ਸਥਿਤੀ ਦਾ ਜਾਇਜਾ ਲਿਆ। ਉਨਾਂ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਉਨਾਂ ਦੀਆਂ ਮੰਗਾਂ ਪ੍ਰਤੀ ਅਵੇਸਲੇ ਪਣ ਵਾਲੀ ਵਤੀਰਾ ਅਖਤਿਆ ਕਰਕੇ ਕਰੀਬ 54 ਹਜਾਰ ਆਂਗਣਵਾੜੀ ਮੁਲਾਜਮਾਂ ਨਾਲ ਧਰੋਹ ਕਮਾਇਆ ਹੈ ਇਸ ਲਈ ਸਰਕਾਰ ਨਾਲ ਟੱਕਰ ਲੈਣ ਵਾਸਤੇ ਲਾਮਬੰਦ ਹੋਣ ਦੀ ਲੋੜ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ  ਕਿ ਪੰਜਾਬ ਸਰਕਾਰ ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਮੰਨਣ ਤੋਂ ਆਨਾ-ਕਾਨੀ ਕਰਦਿਆਂ ਲਾਰੇ ਲਾ ਰਹੀ ਹੈ ਜਿਸ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਇੰਨਾਂ ਰੋਸ ਵਿਖਾਵਿਆਂ ’ਚ ਹਜ਼ਾਰਾਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ। ਉਨਾਂ ਆਖਿਆ ਕਿ ਉਹ ਤਾਂ ਪਹਿਲੇ ਹੀ ਦਿਨ ਤੋਂ ਟਕਰਾਅ ਟਾਲਣ ਦੇ ਰੌਂਅ ’ਚ ਸਨ ਪਰ ਸਰਕਾਰ ਨੇ ਹੀ ਉਨਾਂ ਨੂੰ ਅਜਿਹੇ ਫੈਸਲੇ ਲੈਣ ਲਈ ਮਜਬੂਰ ਕੀਤਾ ਹੈ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ ਕਦੇ ਵੀ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਹੈ।
                               ਬੁਲਾਰਿਆਂ ਨੇ ਮੰਗ ਕੀਤੀ ਕਿ ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿਚੋਂ ਕੱਟੇ ਗਏ ਕ੍ਰਮਵਾਰ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ, ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ 500 ਰੁਪਏ ਵਰਕਰ ਅਤੇ 250 ਰੁਪਏ ਹੈਲਪਰ, ਜੋ ਅਕਤੂਬਰ 2018 ਤੋਂ ਲਾਗੂ ਹੈ, ਦੀ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ, ਗਰਭਵਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਪ੍ਰਤੀ ਫਾਰਮ ਜੋ ਦਸੰਬਰ 2017 ਤੋਂ ਲਾਗੂ ਹੈ, ਏਰੀਅਰ ਸਮੇਤ ਦਿੱਤੇ ਜਾਣ। ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਲਈ ਲਾਗੂ ਨਵੇਂ ਨਿਯਮਾਂ ’ਚ ਇੰਟਰਵਿਊ ਦੇ ਨੰਬਰ ਨਾ ਰੱਖੇ ਜਾਣ। ਹੈਲਪਰ ਨੂੰ ਵਰਕਰ ਬਨਣ ਦੀ ਸ਼ਰਤ ਬੀ.ਏ. ਦੀ ਥਾਂ ਮੁੱਢਲੀ ਯੋਗਤਾ ਮੈਟਿ੍ਰਕ ਹੀ ਹੋਵੇ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਦੀ ਤਰਜ ’ਤੇ ਮਾਣਭੱਤਾ ਦਿੱਤਾ ਜਾਵੇ। ਸੈਟਰਾਂ ਵਿਚ ਰਾਸ਼ਨ ਦੀ ਸਪਲਾਈ ਯਕੀਨੀ ਅਤੇ ਬਾਲਣ ਦੇ ਪੈਸੇ 40 ਪੈਸੇ ਦੀ ਥਾਂ ਇੱਕ ਰੁਪਏ ਕੀਤਾ ਜਾਵੇ।
                          ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸ਼ਿੰਦਰਪਾਲ ਕੌਰ ਭਗਤਾ, ਗੁਰਮੀਤ ਕੌਰ ਗੋਨੇਆਣਾ, ਮਹਿੰਦਰ ਕੌਰ ਪੱਤੋ, ਬਲਵੀਰ ਕੌਰ ਮਾਨਸਾ, ਦਲਜੀਤ ਕੌਰ ਬਰਨਾਲਾ, ਕਰਿਸ਼ਨਾ ਦੇਵੀ ਫਰੀਦਕੋਟ, ਸ਼ੀਲਾ ਰਾਣੀ ਫਿਰੋਜਪੁਰ, ਜਸਬੀਰ ਕੌਰ ਬਠਿੰਡਾ, ਅੰਮਿ੍ਰਤਪਾਲ ਕੌਰ ਬਠਿੰਡਾ, ਜਸਵੰਤ ਕੌਰ ਭਿੱਖੀ, ਜਸਪਾਲ ਕੌਰ ਝੁਨੀਰ, ਸੋਮਾ ਰਾਣੀ ਬਠਿੰਡਾ, ਜਸਵਿੰਦਰ ਕੌਰ ਭਗਤਾ, ਸਰਬਜੀਤ ਕੌਰ ਮਹਿਰਾਜ, ਪਰਮਜੀਤ ਕੌਰ ਰੁਲਦੂਵਾਲਾ, ਕਿਰਪਾਲ ਕੌਰ, ਰੀਤਾ ਰਾਣੀ ਮੌੜ, ਸੁਰਜੀਤ ਕੌਰ ਬੰਗੀ, ਕੁਲਜੀਤ ਕੌਰ ਗੁਰੂਹਰਸਹਾਏ, ਅੰਮਿ੍ਰਤਪਾਲ ਕੌਰ ਧਨੌਲਾ, ਭੋਲੀ ਮਹਿਲ ਕਲਾਂ, ਪਰਮਜੀਤ ਕੌਰ ਖੇੜੀ, ਪ੍ਰਕਾਸ਼ ਕੌਰ ਮਮਦੋਟ, ਇੰਦਰਜੀਤ ਕੌਰ ਖੂਈਆਂ ਸਰਵਰ, ਕਿਰਨਜੀਤ ਕੌਰ, ਖੁਸ਼ਪਾਲ ਕੌਰ ਫਰੀਦਕੋਟ, ਗੁਰਮੀਤ ਕੌਰ ਜੈਤੋ, ਕਮਲਜੀਤ ਕੌਰ ਸਰਦੂਲਗੜ, ਵੀਰਪਾਲ ਕੌਰ, ਕੁਲਵੰਤ ਕੌਰ ਲੁਹਾਰਾ ਅਤੇ ਹੋਰ ਆਗੂ ਮੌਜ਼ੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!