ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਪਿਛਲੇ ਕਈ ਦਿਨਾਂ ਤੋਂ ਗਲਾਸਗੋ ਦੇ ਸੇਵਾਦਾਰ ਨੌਜਵਾਨਾਂ ਵੱਲੋਂ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਹਿਰ ਦੇ ਹਸਪਤਾਲਾਂ ਦੇ ਕਾਮਿਆਂ, ਪੁਲਿਸ ਕਾਮਿਆਂ ਤੇ ਹੋਰ ਫਰੰਟਲਾਈਨ ਕਾਮਿਆਂ ਨੂੰ ਉਹਨਾਂ ਦੇ ਕੰਮ ਸਥਾਨਾਂ ‘ਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਸਵੇਰ ਵੇਲੇ ਭੋਜਨ ਬਣਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਜਾਂਦੀਆਂ ਹਨ ਤੇ ਨਾਲੋ ਨਾਲ ਗ਼ਰਮ ਭੋਜਨ ਪਹੁੰਚਾਉਣ ਦੇ ਕਾਰਜ ਆਰੰਭ ਦਿੱਤੇ ਜਾਂਦੇ ਹਨ। ਅੱਜ ਦੇ ਸੇਵਾ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਘਰ ਦੇ ਸੇਵਾਦਾਰ ਪਾਠੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਇਸ ਉਪਰੰਤ ਸੇਵਾਦਾਰ ਨੌਜਵਾਨ ਸਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਭੋਜਨ ਵਰਤਾਉਣ ਲਈ ਨਿੱਕਲ ਤੁਰੇ। ਅਦਾਰਾ “ਪੰਜ ਦਰਿਆ” ਇਹਨਾਂ ਨਿਸ਼ਕਾਮ ਸੇਵਾ ਕਾਰਜਾਂ ਵਿੱਚ ਜੁਟੇ ਵੀਰਾਂ ਲਈ ਸਲਾਮ ਕਹਿੰਦਾ ਹੈ।