ਅਸ਼ੋਕ ਵਰਮਾ
ਮਾਨਸਾ,9ਅਕਤੂਬਰ2020। ਮਾਨਸਾ ਜਿਲੇ ’ਚ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਾਈਆਂ ਡਿਉਟੀਆਂ ਦਾ ਮਾਮਲਾ ਅਫਸਰਾਂ ਨੇ ਅਧਿਆਪਕਾਂ ਵੱਲੋ ਦਿੱਤੇ ਰੋਸ ਧਰਨੇ ਉਪਰੰਤ ਸੁਲਝਾ ਲਿਆ ਹੈ। ਵੀਰਵਾਰ ਨੂੰ ਇੰਨਾਂ ਡਿਊਟੀਆਂ ਦੇ ਸਬੰਧ ’ਚ ਅਧਿਆਪਕਾਂ ਨੇ ਪ੍ਰਸ਼ਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ। ਅੱਜ ਪਹਿਲਾਂ ਅਧਿਆਪਕਾਂ ਨੇ ਐਸ.ਡੀ.ਐਮ. ਮਾਨਸਾ ਨੂੰ ਇਸ ਨਵੀਂ ਕਿਸਮ ਦੀ ਡਿਊਟੀ ਦੌਰਾਨ ਆਉਣ ਵਾਲੀਆਂ ਦਿੱਕਤਾਂ ਤੋਂ ਜਾਣੂ ਕਰਵਾਉਂਦਿਆਂ ਗਿਆ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਐਸ.ਡੀ.ਐਮ. ਵੱਲੋਂ ਕੱਟ ਕਟਾਈ ਤੋਂ ਸਾਫ਼ ਮਨਾ ਕਰ ਦਿੱਤਾ ਗਿਆ। ਗੱਲਬਾਤ ਨਾਲ ਮਸਲਾ ਨਾਂ ਸੁਲਝਣ ਤੇ ਜਿਲੇ ਦੀਆਂ ਅਧਿਆਪਕ ਜਥੇਬੰਦੀਆਂ ਇੱਕ ਮੋਰੀ ਨਿੱਕਲ ਗਈਆਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਲਾਕੇ ਜਿੰਦਬਾਦ ਮੁਰਦਬਾਦ ਸ਼ੁਰੂ ਕਰ ਦਿੱਤੀ। ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜਿਲਾ ਪ੍ਰਸ਼ਾਸ਼ਨ ਨੂੰ ਅੱਜ ਸ਼ਾਮ ਤੱਕ ਇਹਨਾਂ ਡਿਊਟੀਆਂ ਨੂੰ ਕੱਟਣ ਸਬੰਧੀ ਦਫ਼ਤਰੀ ਹੁਕਮ ਜਾਰੀ ਕਰਨ ਦਾ ਵਾਅਦਾ ਕਰਨਾ ਪਿਆ।
ਸਰੀਰਕ ਸਿੱਖਿਆ ਅਧਿਆਪਕ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਹੀ ਕੋਵਿਡ-19 ਦੇ ਚੱਲਦਿਆਂ ਅਧਿਆਪਕਾਂ ਕੋਲ ਆਪਣੇ ਮਹਿਕਮੇ ਦੇ ਕੰਮ ਬਹੁਤ ਜ਼ਿਆਦਾ ਹਨ । ਖਾਸ ਤੌਰ ਤੇ ਆਨਲਾਈਨ ਪੜਾਈ, ਰੋਜ਼ਾਨਾ ਦੇ ਟੈਸਟ ਆਦਿ ਕੰਮਾਂ ਦਾ ਬੋਝ ਜ਼ਿਆਦਾ ਹੈ ਅਤੇ ਬਹੁਤੇ ਅਧਿਆਪਕਾਂ ਬੀ.ਐਲ.ਓ. ਡਿਊਟੀਆਂ ਵੀ ਕਰ ਰਹੇ ਹਨ। ਉਨਾਂ ਦੱਸਿਆ ਕਿ ਜਦੋਂ ਅਧਿਆਪਕਾਂ ਦੀਆਂ ਗੈਰਵਿੱਦਿਅਕ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਤੇ ਮਾੜਾ ਅਸਰ ਪੈਣਾ ਯਕੀਨੀ ਹੈ। ਉਨਾਂ ਦੱਸਿਆ ਕਿ ਇਸ ਦੇ ਨਾਲ-ਨਾਲ ਪਿੰਡਾਂ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਲੋਕਾਂ ਦੀ ਸਹਾਇਤਾ ਨਾਲ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਜਦੋਂ ਪਰਾਲੀ ਦੀ ਅੱਗ ਸਬੰਧੀ ਪਿੰਡਾਂ ਵਿੱਚ ਅਧਿਆਪਕ ਡਿਊਟੀ ਤੇ ਜਾਣਗੇ ਤਾਂ ਅਧਿਆਪਕਾਂ ਦਾ ਕਿਸਾਨਾਂ ਨਾਲ ਸਿੱਧਾ ਟਕਰਾਅ ਬਨਣ ਦਾ ਖਦਸ਼ਾ ਹੈ ਜੋਕਿ ਅਧਿਆਪਕਾਂ ’ਚੀ ਰੋਸ ਦਾ ਕਾਰਨ ਬਣਿਆ ਹੈ।
ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਆਦੇਸ਼ਾਂ ਤੇ ਐਸ.ਡੀ.ਐਮ. ਮਾਨਸਾ ਨੇ ਵਿਸ਼ਵਾਸ ਦਿਵਾਇਆ ਕਿ ਅਧਿਆਪਕਾਂ ਦੀਆਂ ਡਿਊਟੀਆਂ ਅੱਜ ਹੀ ਕੱਟ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਅਧਿਆਪਕ ਅਜਿਹੀ ਡਿਊਟੀ ਤੇ ਨਹੀਂ ਜਾਵੇਗਾ। ਇਸ ਭਰੋਸੇ ਮਗਰੋਂ ਅਧਿਆਪਕਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਸਮੇਂ ਧਰਨੇ ਨੂੰ ਅਧਿਆਪਕ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ, ਗੁਰਚਰਨ ਸਿੰਘ ਰੱਲੀ, ਡੀ.ਟੀ.ਐਫ. ਦੇ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ, ਅਮੋਲਕ ਡੇਲੂਆਣਾ, ਜੀ.ਟੀ.ਯੂ. ਦੇ ਗੁਰਦਾਸ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਦਲੇਲਵਾਲਾ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂ ਕਰਮਜੀਤ ਸਿੰਘ ਤਾਮਕੋਟ ਅਤੇ ਮੱਖਣ ਸਿੰਘ ਲੈਕਚਰਾਰ, ਜਗਸੀਰ ਸਿੰਘ ਪੀ.ਟੀ.ਆਈ. ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਬਲਵਿੰਦਰ ਸਿੰਘ, ਬਲਵੰਤ ਰਾਮ, ਗੁਰਪਿਆਰ ਸਿੰਘ ਅੱਕਾਂਵਾਲੀ, ਨਿਰਮਲ ਸਿੰਘ, ਰਾਜਨ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰਪਾਲ ਸਿੰਘ, ਬੱਬੀ ਸਿੰਘ, ਰਾਹੁਲ ਮੋਦਗਿੱਲ, ਸੁਰਿੰਦਰਪਾਲ ਸਿੰਘ, ਪਰਾਗ ਰਾਜ, ਦਰਸ਼ਨ ਸਿੰਘ, ਲੈਕ. ਰਜਿੰਦਰ ਸਿੰਘ ਅਤੇ ਬੁੱਧ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।