ਗਲਾਸਗੋ ( ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਵਿੱਚ ਚੋਰੀ ਅਤੇ ਹੋਰ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇੱਕ ਤਾਜਾ ਘਟਨਾ ਵਿੱਚ ਨਕਾਬਪੋਸ਼ ਗਿਰੋਹ ਦੁਆਰਾ ਇੱਕ ਘਰ ਵਿੱਚ ਗਹਿਣਿਆਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7.20 ਵਜੇ ਵਾਪਰੀ ਜਦੋਂ ਤਿੰਨ ਵਿਅਕਤੀ ਬਲੈਟੀਅਰ ਰੋਡ, ਬੋਥਵੇਲ ਵਿਖੇ ਘਰ ਵਿਚ ਦਾਖਲ ਹੋਏ ਅਤੇ ਚੋਰੀ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਗਿਰੋਹ ਨੇ ਗਹਿਣਿਆਂ ਦੀ ਚੋਰੀ ਕੀਤੀ ਹੈ ਜਿਹਨਾਂ ਦੀ ਕੀਮਤ £100000 ਤੋਂ ਜਿਆਦਾ ਸੀ। ਚੋਰੀ ਦੇ ਸਮੇਂ ਦੌਰਾਨ ਇੱਕ ਚਿੱਟੀ ਔਡੀ ਕਾਰ ਘਰ ਦੇ ਬਾਹਰ ਖੜੀ ਦੇਖੀ ਗਈ ਸੀ ਅਤੇ ਸ਼ਾਮ 7.50 ਵਜੇ ਦੇ ਕਰੀਬ ਤੇਜ਼ ਰਫਤਾਰ ਨਾਲ ਨਿਕਲ ਗਈ ਸੀ। ਘਟਨਾ ਦੇ ਸ਼ੱਕੀ ਤਿੰਨੇ ਆਦਮੀਆਂ ਦੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਪੁਲਿਸ ਦੁਆਰਾ ਇਸ ਚੋਰੀ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਇਸਦੇ ਨਾਲ ਹੀ ਅਧਿਕਾਰੀ ਇਸ ਜਾਂਚ ਵਿਚ ਸਹਾਇਤਾ ਲਈ ਵਧੇਰੇ ਵੇਰਵੇ ਪ੍ਰਾਪਤ ਕਰਨ ਲਈ ਫੁਟੇਜ ਦਾ ਅਧਿਐਨ ਵੀ ਕਰ ਰਹੇ ਹਨ।