15.9 C
United Kingdom
Sunday, September 6, 2026

More

    ਵਿਰੋਧੀਆਂ ਨਾਲ ਟਾਕਰੇ ਲਈ ਕਾਂਗਰਸ ਹੁਣ ਬਾਜਵਾ ਨੂੰ ਬਣਾਵੇ ਪੰਜਾਬ ਕਾਂਗਰਸ ਦਾ ਪ੍ਰਧਾਨ: ਰਾਜਿੰਦਰ ਸਿੰਘ ਬਡਹੇੜੀ

    ਚੰਡੀਗੜ੍ਹ, 7 ਅਕਤੂਬਰ , ( ਰਾਜਿੰਦਰ ਭਦੌੜੀਆ) – ‘ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਹੁਣ ਬਾਦਲ, ਬਸਪਾ, ਭਾਜਪਾ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਕਾਂਗਰਸ ਦੇ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਲਈ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਵੇ।’ ਇਹ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਕੀਤਾ।

    ਅੱਜ ਮੀਡੀਆ ਨਾਲ ਖ਼ਾਸ ਗੱਲਬਾਤ ਦੌਰਾਨ ਬਡਹੇੜੀ ਨੇ ਦਲੀਲ ਦਿੱਤੀ ਕਿ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਪ੍ਰਤਾਪ ਸਿੰਘ ਬਾਜਵਾ ਹੀ ਕਾਮਯਾਬ ਹੋ ਸਕਦੇ ਹਨ ਤੇ ਉਂਝ ਵੀ ਸਾਲ 2022 ’ਚ ਕਾਂਗਰਸ ਦੀ ਸਰਕਾਰ ਦੋਬਾਰਾ ਬਣਾਉਣ ਲਈ ਏਕਤਾ ਜ਼ਰੂਰੀ ਹੈ।

    ਇੱਥੇ ਵਰਨਣਯੋਗ ਹੈ ਕਿ ਬਡਹੇੜੀ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਤੇ ਰੇਤ ਮਾਫ਼ੀਆ ਵਿਰੁੱਧ ਨੰਗੇ ਧੜ ਲੜਾਈ ਲੜ ਰਹੇ ਹਨ। ਬੀਤੇ ਦਿਨੀਂ ਉਹ ਪੰਜਾਬ ਦੇ ਵਜ਼ੀਫ਼ਾ ਘੁਟਾਲੇ ’ਚ ਦਲਿਤ ਵਿਦਿਆਰਥੀਆਂ ਦੇ ਹੱਕ ਵਿੱਚ ਵੀ ‘ਹਾਅ ਦਾ ਨਾਅਰਾ’ ਵੀ ਮਾਰ ਚੁੱਕੇ ਹਨ।

    ਬਡਹੇੜੀ ਸਾਲ 1984 ਤੋਂ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਕੱਟੜ ਸਮਰਥਕ ਹਨ, ਜਦੋਂ ਕੈਪਟਨ ਨੇ ਆਪਰੇਸ਼ਨ ਬਲੂ–ਸਟਾਰ ਦੇ ਵਿਰੋਧ ਕਾਰਣ ਕਾਂਗਰਸ ਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।

    ਬਡਹੇੜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਹੁਣ ਅਜਿਹੇ ਆਸਾਰ ਬਣਦੇ ਜਾ ਰਹੇ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਹੁਣ ਬਾਦਲਾਂ ਨਾਲ ਸਮਝੌਤਾ ਕਰ ਸਕਦੀ ਹੈ। ਇੰਝ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਦਾ ਖੱਪਾ ਪੂਰਨ ਲਈ ਭਾਈਵਾਲ ਦੇ ਰੂਪ ਵਿੱਚ ‘ਨਵਾਂ ਪਤੀ’ ਮਿਲ ਜਾਵੇਗਾ। ਇਸ ਗੱਠਜੋੜ ਦਾ ਲਾਭ ਬਸਪਾ ਨੂੰ ਵੀ ਹੋਵੇਗਾ ਕਿਉਂਕਿ ਇੰਝ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਸ ਦਾ ਖਾਤਾ ਵੀ ਖੁੱਲ੍ਹ ਸਕਦਾ ਹੈ ਤੇ ਉੱਧਰ ਬਾਦਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਲਾਭ ਮਿਲੇਗਾ।

    ਬਡਹੇੜੀ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 36% ਦੇ ਲਗਭਗ ਹੈ ਤੇ ਉਨ੍ਹਾਂ ਦੇ ਸਮਰਥਨ ਤੋਂ ਬਗ਼ੈਰ ਕੋਈ ਵੀ ਪਾਰਟੀ ਸੱਤਾ ’ਚ ਨਹੀਂ ਆ ਸਕਦੀ।

    ਚੇਤੇ ਰਹੇ ਕਿ ਬਡਹੇੜੀ ਨੇ 14 ਅਕਤੂਬਰ, 1984 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਾਰ–ਸੇਵਾ ਵਿੱਚ ਵੀ ਹਿੱਸਾ ਲਿਆ ਸੀ। ਤਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਵੇਲੇ ਬਡਹੇੜੀ ਯੂਥ ਅਕਾਲੀ ਦਲ ਮੋਹਾਲੀ ਸਰਕਲ ਦੇ ਸੀਨੀਅਰ ਮੀਤ–ਪ੍ਰਧਾਨ ਸਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੋਸਟ–ਗ੍ਰੈਜੂਏਸ਼ਨ ਦੇ ਵਿਦਿਆਰਥੀ ਸਨ।

    ਬਡਹੇੜੀ ਨੇ ਬੀਤੇ ਦਿਨੀਂ ਆਪਣੇ ਇੱਕ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਉਹ ਰੇਤ–ਮਾਫ਼ੀਆ ਤੇ ਕੇਬਲ ਮਾਫ਼ੀਆ ਦੇ ਹੱਥੋਂ ਹੋ ਰਹੀ ਲੁੱਟ ਦਾ ਪਰਦਾਫ਼ਾਸ਼ ਕਰਨ ਲਈ ਵੱਡੇ ਪੱਧਰ ਉੱਤੇ ਜਾਂਚ ਕਰਵਾਉਣ, ਤਾਂ ਜੋ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ ਅਤੇ ਜਨਤਾ ਨੂੰ ਨਿਆਂ ਮਿਲ ਸਕੇ। ਬਡਹੇੜੀ ਨੇ ਤਦ ਇਹ ਵੀ ਆਖਿਆ ਸੀ ਕਿ ਜਦੋਂ ਤੱਕ ਵਜ਼ੀਫ਼ਾ ਘੁਟਾਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਬਰੀ ਨਹੀਂ ਹੋ ਜਾਂਦੇ, ਤਦ ਤੱਕ ਉਨ੍ਹਾਂ ਨੂੰ ਦਲਿਤ ਸਮਾਜ ਦੀ ਇੱਛਾ ਮੁਤਾਬਕ ਨੈਤਿਕ ਆਧਾਰ ’ਤੇ ਖ਼ੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!