ਰਜਨੀ ਵਾਲੀਆ
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਮਿਹਨਤ ਕਰਕੇ ਖਾਣੀ ਸਿੱਖ ਵੇ,
ਮਿਲਦੀਆਂ ਇੰਝ ਵਡਿਆਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਹੱਥੀਂ ਕਰਕੇ ਕਿਰਤਾਂ ਖਾਈਏ,
ਰੱਖੀਏ ਨਾ ਝਾਕ ਪਰਾਈ ਤੇ |
ਬਰਕਤ ਮਾਲਕ ਪਾਵਣ ਵਾਲਾ,
ਸਦਾ ਕੀਤੀ ਹੋਈ ਕਮਾਈ ਤੇ |
ਕਰ ਸਕਦੈਂ ਤੂੰ ਸਭ ਕੁਝ ਹੱਥਾਂ ਨਾਲ,
ਤੇਰੀ ਧੌਣ ਵੇ ਹੱਥ ਕਸਾਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਦੋਸ਼ ਹੋਰਾਂ ਸਿਰ ਮੜ੍ਹਦਾ ਰਹੇਂ,
ਤੂੰ ਆਪਣੀ ਨਿੱਤ ਕਮਜੋਰੀ ਦਾ |
ਭੇਦ ਕਿਸੇ ਨੂੰ ਦਿੰਦਾ ਨਹੀਂ ਤੂੰ,
ਵੇ ਦਿਲ ਅੰਦਰ ਦੀ ਚੋਰੀ ਦਾ |
ਜੇ ਤੁਰੇਂਗਾ ਮੰਜਿਲ ਪਾ ਲਵੇਂਗਾ,
ਅੱਗੇ ਖੂਹ ਤੇ ਪਿੱਛੇ ਖਾਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਸਭ ਤੋਂ ਵੱਡਾ ਐਬ ਤੇਰੇ ਵਿੱਚ,
ਰੱਖੇਂ ਵੇ ਸੋਚ ਸਦਾ ਕਿਉਂ ਮਾੜੀ |
ਇੱਕ ਦਿਨ ਡਾਢੇ ਹੱਥੋਂ ਕੁਕਰਮਾਂ,
ਦੀ ਚਾਦਰ ਜਾਂਦੀ ਏ ਪਾੜੀ |
ਉਸਨੂੰ ਖੂਬ ਨਿਵਾਜੇ ਮਾਲਕ,
ਭੁੱਲਦਾ ਜੋ ਕਦੇ ਖੁਦਾਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਜਦ ਵੀ ਹੋਰਾਂ ਦਿਆਂ ਬਾਲਾਂ ਦੀ,
ਤੂੰ ਰੋਟੀ ਦੇ ਵੱਲ ਤੱਕਦਾ ਏਂ |
ਰਿਜ਼ਕ ਹੋਰਾਂ ਦਾ ਪਤਾ ਨਹੀਂ ਕਿਵੇਂ,
ਆਪਣੇਂ ਮੂੰਹ ਨਾਲ ਫੱਕਦਾ ਏਂ |
ਅਸਾਂ ਰੀਝਾਂ ਮਾਰਕੇ ਹੋਰਾਂ ਦੀਆਂ,
ਕਦੇ ਤਲੀਆਂ ਹੇਠ ਦਬਾਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਤੂੰ ਇੱਕ ਦਿਨ ਕਰਕੇ ਦੇਖੀਂ ਮਿਹਨਤ,
ਤੇ ਖਾ ਕੇ ਵੇਖੀਂ ਹੱਕ ਹਲਾਲ ਦੀ |
ਵੇ ਤੈਨੂੰ ਕਿਸੇ ਵੀ ਦਰੋਂ ਨਹੀਂ ਮਿਲਣੀ,
ਕਦੇ ਰੋਟੀ ਉਹਦੇ ਨਾਲ ਦੀ |
ਤੈਨੂੰ ਮੌਤ ਨੇ ਜਿਸ ਦਿਨ ਲਿਆ ਕਲਾਵੇ,
ਉਸ ਦਿਨ ਜਾਣਾ ਏ ਸੁਣਵਾਈਆਂ ਲਈ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |
ਰਜਨੀ ਹੱਕ ਹਲਾਲ ਦੀ ਖਾਵੇ ਆਪਣੇਂ,
ਹੱਕ ਦਾ ਸਭ ਕੁਝ ਮੰਗਦੀ ਏ |
ਕਾਲੇ ਦਿਲ ਤੇ ਕੋਝੀਆਂ ਸੋਚਾਂ ,
ਵਾਲਿਆਂ ਨੂੰ ਛਿੱਕੇ ਟੰਗਦੀ ਏ |
ਚੰਗਾ ਕਰਨਾ ਤੇ ਚੰਗਾ ਲੈਣਾ,
ਜਾਣਦੀ ਉਹ ਗਹਿਰਾਈਆਂ ਨਹੀਂ |
ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
ਕਰਦਾ ਕਿਉਂ ਕਮਾਈਆਂ ਨਹੀਂ |