ਜਲੰਧਰ – (ਤੇਜਿੰਦਰ ਮਨਚੰਦਾ) – ਬਹੁਜਨ ਸਮਾਜ ਫਰੰਟ ਪੰਜਾਬ ਵੱਲੋਂ ਅੰਬੇਦਕਰ ਕਲੱਬ / ਸਭਾਵਾਂ, ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਭਗਵਾਨ ਵਾਲਮੀਕਿ ਸਭਾਵਾਂ ਦੇ ਸਹਿਯੋਗ ਨਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਰਾਸ਼ੀ ਜਾਰੀ ਨਾ ਕਰਨ, ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਦਲਿਤ ਅਤੇ ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਾਖਲਾ ਨਾ ਦੇਣ ਦੇ ਐਲਾਨ, ਅਤੇ ਕਿਰਤ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ । ਜਿਸ ਵਿੱਚ ਬਹੁਜਨ ਸਮਾਜ ਫਰੰਟ ਦੇ ਸੂਬਾਈ ਆਗੂ ਸੁਖਵਿੰਦਰ ਕੋਟਲੀ, ਐੱਮਪੀ ਸਿੰਘ ਗੁਰਾਇਆ, ਜਗਦੀਸ਼ ਰਾਣਾ, ਸੁਖਬੀਰ ਸਿੰਘ ਸ਼ਾਲੀਮਾਰ, ਰੁਮੇਸ ਚੋਹਕਾ, ਜਗਦੀਸ਼ ਦੀਸ਼ਾ, ਦੀਪਕ ਬਾਲੀ, ਨਵਦੀਪ ਦਕੋਹਾ, ਰਮਨ ਮਾਹੀ, ਸਨੀ ਜੱਸਲ, ਸੁਰਿੰਦਰ ਢੰਡਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਹੁਜਨ ਸਮਾਜ ਫਰੰਟ ਪੰਜਾਬ ਦੇ ਸੂਬਾਈ ਆਗੂ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੰਜਾਬ ਸਰਕਾਰ ਸੁਚਾਰੂ ਢੰਗ ਨਾਲ ਨਹੀਂ ਚਲਾ ਰਹੀ ਜਿਸਦੇ ਸਿੱਟੇ ਵਜੋਂ ਲੱਖਾਂ ਹੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡਣੀ ਪੈ ਰਹੀ ਹੈ। ਕੋਟਲੀ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀ ਨੇ ਦਲਿਤ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਕਿਸੇ ਵੀ ਵਰਗ ਦੇ ਵਿਦਿਆਰਥੀ ਨੂੰ ਦਾਖਲ ਨਹੀਂ ਹੋਣ ਦੇ ਦੇਣਗੇ ਅਤੇ ਅਜਿਹਾ ਕਰਨ ਵਾਲੇ ਕਾਲਜਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਲੇਬਰ ਕੋਡ ਬਿੱਲ 2020 ਪਾਸ ਕਰਕੇ ਮਜ਼ਦੂਰਾਂ ਦੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਿਆ ਹੈ।ਉਨ੍ਹਾਂ ਕਿਹਾ ਕਿ ਖੇਤੀ ਬਿੱਲ ਅਤੇ ਲੇਬਰ ਕੋਡ ਬਿੱਲ ਪਾਸ ਹੋਣ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਹੋਵੇਗਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੀ ਲੁੱਟ ਕਰਨ ਦੀ ਖੁੱਲ੍ਹ ਮਿਲੇਗੀ।।ਐਮ ਪੀ ਸਿੰਘ ਗੁਰਾਇਆ, ਸੁਖਬੀਰ ਸਿੰਘ ਸ਼ਾਲੀਮਾਰ, ਰਮੇਸ਼ ਚੋਹਕਾਂ ਜਗਦੀਸ਼ ਰਾਣਾ ਬਲਵੰਤ ਸਿੰਘ, ਦਰਸ਼ਨ ਭਗਤ, ਮਲਕੀਤ ਚੁੰਬਰ,ਜੱਸੀ ਪਰਜਾਪਤ ਤੇ ਹੋਰ ਆਗੂਆ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2017 ਤੋਂ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਇਹ ਰਾਸ਼ੀ ਸਬੰਧਤ ਕਾਲਜਾਂ ਵਿੱਚ ਨਾ ਵੰਡੇ ਜਾਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ ਜਦਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰੋੜਾਂ ਰੁਪਏ ਦੇ ਗ਼ਬਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਕਾਰਵਾਈ ਕਰਨ ਦੀ ਥਾਂ ਦਾਗੀ ਮੰਤਰੀ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਨੀਅਰ ਆਗੂ ਜਗਦੀਸ਼ ਦੀਸ਼ਾ, ਕੁਲਵਿੰਦਰ ਬੈਂਸ ਅਤੇ ਮਲਕੀਤ ਚੁੰਬਰ ਸਰਪੰਚ ਕਲਵਿੰਦਰ ਬਾਘਾ, ਦਿਲਬਾਗ ਸੱਲਣ ਨੇ ਮੰਗ ਕੀਤੀ ਕਿ ਦਾਗੀ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਚੋਂ ਬਰਖਾਸਤ ਕੀਤਾ ਜਾਵੇ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ। ਅਤੇ ਪੰਜਾਬ ਦੇ 1650 ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਦਲਿਤ ਵਰਗ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਤਹਿਤ ਦਾਖਲਾ ਨਾ ਦੇਣ ਦਾ ਐਲਾਨ ਸੰਵਿਧਾਨ ਵਿਰੋਧੀ ਹੈ, ਇਸ ਲਈ ਤੁਰੰਤ ਜੈਕ ਸੰਸਥਾ ਦੇ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫ਼ਰੰਟ ਦੇ ਸੀਨੀਅਰ ਆਗੂ ਜਗਦੀਸ਼ ਰਾਣਾ, ਜੱਸੀ ਪਰਜਾਪਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਵਿਰੋਧੀ ਤਿੰਨ ਖੇਤੀ ਬਿੱਲ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ। ਬਹੁਜਨ ਸਮਾਜ ਫਰੰਟ ਦੇ ਆਗੂਆਂ ਅਤੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨੀ ਵਿਰੁੱਧ ਖੇਤੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ।ਇਸ ਮੌਕੇ ਨੰਬਰਦਾਰ ਬਲਵਿੰਦਰ ਬੰਗਾ, ਨੰਬਰਦਾਰ ਚੰਦਰ ਕਲੇਰ’ ਬਿੰਦਰ ਲਾਖਾ, ਰਾਜ ਕੁਮਾਰ ਕੌਲ, ਕੇਵਲ ਭੱਟੀ, ਦੇਵ ਰਾਜ,ਬਲਵੰਤ ਸਿੰਘ, ਵਰੀ ਕਲੇਰ, ਕਮਲ ਭੈਰੋਂ, ਊਸ਼ਾ ਰਾਣੀ ਸਮੰਤੀ ਮੈਂਬਰ, ਅਮਰਜੀਤ ਰਵਿਦਾਸੀਆ, ਡਾਕਟਰ ਵਰਿੰਦਰ ਦਾਦਰਾ, ਸੁਖਵਿੰਦਰ ਕੌਰ, ਮੋਨਿਕਾ, ਦਰਸ਼ਨ ਖਾਂਬਰਾ, ਜਸਵਿੰਦਰ ਬੱਲ, ਟੇਕ ਚੰਦ, ਮਨੂੰ ਮਹਿਤਾ, ਐਡਵੋਕੇਟ ਰਾਜ ਕੁਮਾਰ,ਸਰਬਜੀਤ ਕੌਰ, ਕੁਲਵੰਤ ਚਾਚੋਵਾਲ, ਦੀਪਾ ਬੜਿਗ,ਆਦਿ ਆਗੂ ਹਾਜ਼ਰ ਸਨ।