ਅਸ਼ੋਕ ਵਰਮਾ
ਬਠਿੰਡਾ,3 ਅਕਤੂਬਰ 2020:ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਸਿੰਘੇਵਾਲਾ ਤੇ ਫਤੂਹੀਵਾਲਾ ‘ਚ ਯੂ.ਪੀ. ਦੇ ਹਾਥਰਸ ਤੇ ਬਲਰਾਮਪੁਰ ਵਿਖੇ ਦਲਿਤ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਅਣਮਨੁੱਖੀ ਤਸੀਹੇ ਦੇ ਕੇ ਹੱਤਿਆ ਦੀਆਂ ਘਟਨਾਵਾਂ ਖਿਲਾਫ ਮੋਦੀ ਤੇ ਯੋਗੀ ਦੀ ਅਰਥੀ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜਦੂਰ ਆਗੂ ਕਾਲਾ ਸਿੰਘ ਤੇ ਗੁਰਮੇਲ ਕੌਰ ਨੇ ਆਖਿਆ ਹਾਥਰਸ ‘ਚ ਉੱਚ ਜਾਤੀ ਦਰਿੰਦਿਆਂ ਨੇ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵਲੋਂ ਜਿਵੇਂ ਪੀੜਤ ਪਰਿਵਾਰ ਨੂੰ ਬੰਦੀ ਬਣਾ ਕੇ ਅੱਧੀ ਰਾਤ ਨੂੰ ਸੰਸਕਾਰ ਕੀਤਾ ਹੈ ਉਸ ਤੋਂ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਮੌਜੂਦਾ ਨਿਜਾਮ ‘ਚ ਦਲਿਤਾਂ ਉਤੇ ਅੱਜ ਵੀ ਮੱਧਯੁਗੀ ਜੁਲਮ ਜਾਰੀ ਹਨ ।
ਉਹਨਾਂ ਆਖਿਆ ਕਿ ਜਾਤਪਾਤੀ ਵਿਵਸਥਾ ਅਤੇ ਪੈਦਾਵਾਰੀ ਸੋਮਿਆਂ ਦੀ ਕਾਣੀ ਵੰਡ ਵਾਲੇ ਇਸ ਸਮਾਜ ‘ਚ ਭਾਵੇਂ ਸਦੀਆਂ ਤੋਂ ਦਲਿਤਾਂ ਤੇ ਜੁਲਮ ਹੁੰਦੇ ਆ ਰਹੇ ਹਨ, ਪਰ ਭਾਜਪਾ ਤੇ ਆਰ. ਐਸ .ਐਸ. ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਦਲਿਤਾਂ ਤੇ ਦਲਿਤ ਔਰਤਾਂ ਉੱਤੇ ਜੁਰਮਾਂ ਦਾ ਗ੍ਰਾਫ ਆਏ ਦਿਨ ਵਧਦਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਦਲਿਤਾਂ ਲਈ ਨਿਆਂ ਤੇ ਇਨਸਾਫ ਦੀਆਂ ਗੱਲਾਂ ਸਿਰਫ ਧੋਖਾ ਹਨ। ਉਹਨਾਂ ਮੰਗ ਕੀਤੀ ਕਿ ਬਲਾਤਕਾਰ ਤੇ ਕਤਲ ਦੇ ਦੋਸ਼ੀਆ ਨੂੰ ਸਖਤ ਸਜਾਵਾਂ ਦੇਣ ਦੇ ਨਾਲ-ਨਾਲ ਹਾਥਰਸ ‘ਚ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ ਲੜਕੀ ਦਾ ਅੱਧੀ ਰਾਤ ਨੂੰ ਸੰਸਕਾਰ ਕਰਨ ਲਈ ਜਿੰਮੇਵਾਰ ਸਿਵਲ ਤੇ ਪੁਲਿਸ ਅਧਿਕਾਰੀਆਂ ਖਿਲਾਫ ਐਸ .ਸੀ./ ਐਸ .ਟੀ .ਐਕਟ ਤਹਿਤ ਕਾਰਵਾਈ ਕੀਤੀ ਜਾਵੇ।