ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)


ਸ੍ਰੀ ਗੁਰੂ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਬੰਧਾਂ ਹੇਠ ਸੇਵਾਦਾਰਾਂ ਵੱਲੋਂ ਸਿਹਤ ਕਾਮਿਆਂ ਲਈ ਖਾਣ ਪੀਣ ਦਾ ਸਮਾਨ ਬਣਾ ਕੇ ਪਹੁੰਚਾਉਣ ਦੀਆਂ ਸੇਵਾਵਾਂ ਜਾਰੀ ਹਨ। ਅੱਜ ਸੇਵਾਦਾਰਾਂ ਵੱਲੋਂ ਪਕੌੜੇ ਬਣਾ ਕੇ ਸਿਹਤ ਕਾਮਿਆਂ, ਪੁਲਿਸ ਕਾਮਿਆਂ ਤੇ ਹੋਰ ਫਰੰਟਲਾਈਨ ਕਾਮਿਆਂ ਨੂੰ ਉਹਨਾਂ ਦੇ ਕੰਮ ਸਥਾਨਾਂ ‘ਤੇ ਭੋਜਨ ਪਹੁੰਚਾਇਆ ਗਿਆ। ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭੋਜਨ ਪ੍ਰਾਪਤ ਕਰਨ ਵਾਲੇ ਕਾਮਿਆਂ ਵੱਲੋਂ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਨੌਜਵਾਨਾਂ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਸਮੁੱਚਾ ਦੇਸ਼ ਘਰਾਂ ਵਿੱਚ ਹੈ ਤਾਂ ਸਿਹਤ ਕਾਮੇ ਲੋਕਾਂ ਨੂੰ ਮੌਤ ਦੇ ਮੂੰਹ ‘ਚੋਂ ਕੱਢਣ ਲਈ ਤਤਪਰ ਰਹਿੰਦੇ ਹਨ। ਉਹਨਾਂ ਦੀ ਭੁੱਖ ਤੇਹ ਦਾ ਖਿਆਲ ਰੱਖਣਾ ਵੀ ਸਾਡਾ ਸਭ ਦਾ ਸਾਂਝਾ ਫ਼ਰਜ਼ ਬਣਦਾ ਹੈ, ਤੇ ਅਸੀਂ ਓਹੀ ਫ਼ਰਜ਼ ਅਦਾ ਕਰ ਰਹੇ ਹਾਂ।



