ਅਸ਼ੋਕ ਵਰਮਾ
ਮਾਨਸਾ, 3ਅਕਤੂਬਰ2020: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਬਣਾਵਾਲੀ ਪਾਵਰ ਥਰਮਲ ਪਲਾਂਟ ਅੱਗੇ ਚੱਲ ਰਹੇ ਦਿਨ ਰਾਤ ਦੇ ਧਰਨੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਅਤੇ ਰਿਲਾਇਸ ਕੰਪਨੀ ਦੇ ਪੰਪਾਂ ਅੱਗੇ ਧਰਨਿਆਂ ਦੀ ਗਿਣਤੀ ਵਧਾਉਣ ਦਾ ਐਲਾਨ ਵੀ ਕੀਤਾ। ਉਨਾਂ ਦੱਸਿਆ ਕਿ ਇਸ ਤਹਿਤ ਐਤਵਾਰ ਨੂੰ ਮਾਨਸਾ ਕੈਚੀਆ ਸਰਦੂਲਗੜ ਵਿਖੇ ਰਿਲਾਇੰਸ ਦੇ ਪੰਪਾ ਤੋ ਤੇਲ ਪਵਾਉਣਾ ਬੰਦ ਕਰਵਾਇਆ ਜਾਵੇਗਾ ਜਦੋਂ ਕਿ ਬਰੇਟਾ ਵਿੱਚ ਅੱਜ ਇੱਕ ਪੰਪ ਧਰਨਾ ਲਾਕੇ ਬੰਦ ਕਰਵਾ ਦਿੱਤਾ ਗਿਆ ਹੈ। ਜੱਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕੇ ਮੋਦੀ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਸਮੇਤ ਸਾਰਾ ਕੁੱਝ ਅਡਾਨੀਆ ਅੰਬਾਨੀਆਂ ਦੇ ਹੱਥ ਵਿੱਚ ਦੇਣ ਦੇ ਰਾਹ ਤੁਰ ਪਈ ਹੈ ।
ਉਨਾਂ ਸਵਾਲ ਕੀਤਾ ਕਿ ਕੁਝ ਸਾਲ ਪਹਿਲਾਂ ਮੋਦੀ ਕਹਿ ਰਿਹਾ ਸੀ ਕਿ ਅੱਛੇ ਦਿਨ ਆਨੇ ਵਾਲੇ ਹੈ ਪਰ ਕਿਸਾਨਾਂ ਲਈ ਬੁਰੇ ਦਿਨ ਲੈਕੇ ਆਉਣ ਦਾ ਰਾਹ ਫੜ ਲਿਆ ਹੈ ਜਿਸ ਨੂੰ ਕਿਸਾਨ ਬਰਦਾਸ਼ਤ ਨਹੀ ਕਰਨਗੇ। ਉਨਾਂ ਦੱਸਿਆ ਕਿ ਪ੍ਰਾਈਵੇਟ ਥਰਮਲ ਪਲਾਂਟ ਅੱਗੇ ਧਰਨਾ , ਰਿਲਾਇੰਸ ਦੇ ਤੇਲ ਪੰਪਾਂ ਤੇ ਵੱਡੇ ਸ਼ਾਪਿੰਗ ਮਾਲਜ਼ ਦਾ ਘਿਰਾਓ ਅਤੇ ਟੋਲ ਪਲਾਜਿਆ ਤੇ ਪਹਿਰਾ ਦੇ ਕੇ ਬਿਨਾਂ ਪੈਸੇ ਦਿੱਤਿਆਂ ਗੱਡੀਆਂ ਨੂੰ ਅਜਾਦੀ ਨਾਲ ਲੰਘਾਉਣ ਦੇ ਕੀਤੇ ਫੈਸਲੇ ਤੋ ਕਾਰਪੋਰੇਟ ਘਰਾਣਿਆਂ ਨੂੰ ਸਮਝ ਲੈਣਾਂ ਚਾਹੀਦਾ ਕਿ ਜੇਕਰ ਕਿਸਾਨਾਂ ਦੀਆਂ ਜਮੀਨਾਂ ਵੱਲ ਪੈਰ ਵਧਾਏ ਤਾ ਕਿਸਾਨ ਜਮਾਤ ਜੱਥੇਬੰਦ ਏਕੇ ਨਾਲ ਮੂੰਹ ਤੋੜ ਵਾ ਜਵਾਬ ਦੇਵੇਗੀ ।ਇਸ ਮੌਕੇ ਹਰਿੰਦਰ ਸਿੰਘ , ਭੋਲਾ ਸਿੰਘ ਮਾਖਾ, ਲੀਲੂ ਸਿੰਘ ਭੰਮੇ ਅਤੇ ਅਮਨਦੀਪ ਜੋਗੇਵਾਲ ਆਦਿ ਆਗੂ ਹਾਜਰ ਸਨ।