
ਡਾ. ਅਵਤਾਰ ਸਿੰਘ (ਫਰੀਦਕੋਟ)
ਪਦਮ ਸ਼੍ਰੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਗੁਰੂ ਘਰ ਦੀ ਬਾਣੀ ਦੇ ਰੂਹਾਨੀ ਰੰਗ ਵਿਚ ਅਦੁੱਤੀ ਰੰਗਤ ਨਾਲ ਭਰਪੂਰ , ਰਸ ਭਿੰਨੇ ਬੋਲਾਂ ਦੇ ਖਜਾਨੇ ਨਾਲ ਨਿਵਾਜਿਆ ਤੇ ਸਤਿਕਾਰਿਆ ਹੋਇਆ ਗੁਰਮਤਿ ਸੰਗੀਤ ਦਾ ਸਿਰਮੌਰ ਬਾਦਸ਼ਾਹ ਇੱਕ ਐਸੀ ਅਣਮੁੱਲੀ ਸਖਸ਼ੀਅਤ ਸੀ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਐਸਾ ਨਿੱਘ ਤੇ ਪਿਆਰ ਬਖਸ਼ਿਆ ਕਿ ਹਜੂਰੀ ਰਾਗੀਆਂ ਵਿਚੋਂ ਗੁਰਬਾਣੀ ਅਨੁਸਾਰ ਨਿਰਧਾਰਿਤ 31 ਰਾਗਾਂ ਵਿਚ ਕੀਰਤਨ ਕਰਨ ਵਾਲੇ ਭਾਈ ਸਾਹਿਬ ਸੰਗੀਤਕ ਜਗਤ ਵਿਚ ਉੱਚ ਸਨਮਾਨ ‘ਪਦਮ ਸ਼੍ਰੀ’ ਨਾਲ ਨਿਵਾਜੇ ਜਾਣ ਵਾਲੇ ਪਹਿਲੇ ਅਤੇ ਇਕਲੌਤੇ ਰਾਗੀ ਸਿੰਘ ਹੋ ਨਿਬੜੇ। ਗ਼ਜ਼ਲ ਸਮਰਾਟ ਗੁਲਾਮ ਅਲੀ ਸਾਹਿਬ, ਉਸਤਾਦ ਜ਼ਾਕਿਰ ਹੁਸੈਨ ਤੇ ਸਾਸ਼ਤਰੀ ਸੰਗੀਤ ਦੇ ਬਾਦਸ਼ਾਹ ਪੰਡਿਤ ਰਵੀ ਸ਼ੰਕਰ ਜੀ ਵਰਗੀਆਂ ਮਹਾਨ ਸੰਗੀਤਕ ਹਸਤੀਆਂ ਆਪ ਦੀ ਗਾਇਨ ਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਸਨ।ਵਜਦ ਤੇ ਵਿਸਮਾਦ ਦੇ ਖੂਬਸੂਰਤ ਸੁਮੇਲ ਨਾਲ ਆਸਾ ਦੀ ਵਾਰ ਗਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਭਾਈ ਸਾਹਿਬ ਸੰਗਤਾਂ ਨੂੰ ਐਸਾ ਜੋੜਦੇ ਕਿ ਰੂਹਾਨੀਅਤ ਦੇ ਜਾਹੋ ਜਲਾਲ ਨਾਲ ਸੰਗਤ ਨਿਹਾਲ ਹੋ ਉੱਠਦੀ।ਪੰਜਵੀਂ ਤੱਕ ਦੀ ਪੜ੍ਹਾਈ ਹੋਣ ਦੇ ਬਾਵਜੂਦ ਅਪਾਰ ਗੁਰੂ ਕਿਰਪਾ ਸਦਕਾ ਨਿਜੀ ਤਜਰਬੇ ਤੇ ਸੰਗੀਤਕ ਮੁਹਾਰਤ ਦੇ ਬਲਬੂਤੇ ਆਪ ਨੇ ਦੋ ਪੁਸਤਕਾਂ ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਤੇ ‘ਪ੍ਰਸਿੱਧ ਕੀਰਤਨਕਾਰ ਬੀਬੀਆਂ ‘ ਵੀ ਲਿਖੀਆਂ ਜਿੰਨਾ ਤੇ ਹੁਣ ਤੱਕ 26 ਵਿਦਿਆਰਥੀ ਪੀ ਐਚ ਡੀ ਕਰ ਚੁੱਕੇ ਹਨ। ਪ੍ਰੋ : ਅਵਤਾਰ ਸਿੰਘ ਨਾਜ ਜੀ ਵੱਲੋਂ ਸੰਗੀਤਕ ਬਰੀਕੀਆਂ ਨਾਲ ਤਰਾਸ਼ਣ ਉਪਰੰਤ ਪ੍ਰਿੰਸੀਪਲ ਹਰਭਜਨ ਸਿੰਘ ਤੇ ਗਿਆਨੀ ਭਗਤ ਸਿੰਘ ਦੀ ਇੱਛਾ ਤੇ ਸਹਿਯੋਗ ਨਾਲ ਆਪ ਨੇ ਗੁਰਮਤਿ ਮਿਸ਼ਨਰੀ ਕਾਲਜ ਰਿਸ਼ੀਕੇਸ਼ ਵਿਖੇ ਸੰਗੀਤਕ ਵਿਦਿਆ ਸਿਖਾਉਣੀ ਆਰੰਭ ਕੀਤੀ। ਦਰਬਾਰ ਸਾਹਿਬ ਵਿਖੇ ਆਪ ਦੀ ਪਹਿਲੀ ਨਿਯੁਕਤੀ ਹਜੂਰੀ ਰਾਗੀ ਭਾਈ ਗੁਰਮੇਲ ਸਿੰਘ ਜੀ ਦੇ ਸਹਾਇਕ ਰਾਗੀ ਵੱਜੋਂ ਹੋਈ । ਓਪਰੇਸ਼ਨ ਬਲਿਊ ਸਟਾਰ ਸਮੇਂ ਆਪ ਨੇ ਵਰ੍ਹਦੀਆਂ ਗੋਲੀਆਂ ਵਿਚ ਲਗਾਤਾਰ 9 ਘੰਟੇ ਦਰਬਾਰ ਸਾਹਿਬ ਵਿਖੇ ਕੀਰਤਨ ਕੀਤਾ। ਗੁਰਬਾਣੀ ਜਰੀਏ ਮਿਲੇ ਆਤਮਿਕ ਤੇ ਰੂਹਾਨੀ ਬਲ ਸਦਕਾ ਆਪ ਨੇ ਦੁਨੀਆਂ ਦੇ 71 ਦੇਸ਼ਾਂ ਵਿਚ ਵਜਦ ਤੇ ਵਿਸਮਾਦ ਦੇ ਅਨੰਦਮਈ ਸੁਮੇਲ ਨਾਲ ਲੱਖਾਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ । ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ‘ਸ਼੍ਰੋਮਣੀ ਰਾਗੀ ‘ ਵੱਜੋਂ ਸਨਮਾਨਿਤ ਕੀਤਾ ਗਿਆ । ਆਪ ਜੀ ਸ਼ਬਦ ਗੁਰੂ ਦੇ ਧਾਰਨੀ ਸਨ।
ਗੁਣਾਂ ਦੀ ਖਾਨ ਤੇ ਰੂਹਾਨੀ ਸੁਰਾਂ ਦੇ ਬਾਦਸ਼ਾਹ ਦਾ ਭਾਂਵੇਂ ਸੰਗੀਤਕ ਜਗਤ ਵਿਚ ਅਪਾਰ ਮਾਨ ਤੇ ਸਨਮਾਨ ਸੀ ਪਰ ਸਦੀਆਂ ਤੋਂ ਨਿਰੰਤਰ ਚਲੀ ਆ ਰਹੀ ਜਾਤੀ ਪ੍ਰਥਾ ਦੀ ਭਿਆਨਕ ਮਹਾਮਾਰੀ ਨੇ ਭਾਈ ਸਾਹਿਬ ਦੇ ਮਾਨਸਿਕ ਤੇ ਸਮਾਜਿਕ ਰੁਤਬੇ ਨੂੰ ਕਈ ਵਾਰ ਝੰਜੋੜਿਆ । ਜਾਤ ਪਾਤ ਰੂਪੀ ਕੋਹੜ , ਊਚ ਨੀਚ ਤੇ ਭੇਦ ਭਾਵ ਭਰਪੂਰ ਵਿਤਕਰੇ ਤੋਂ ਭਾਈ ਸਾਹਿਬ ਕਦੇ ਨਾ ਡਰੇ ਬਲਕਿ ਨਿਮਾਣਤਾ ਨਾਲ ਪੇਸ਼ ਆ ਕੇ ਵਿਦਵਤਾ ਭਰਪੂਰ ਜੀਵਨ ਜੀਣ ਨੂੰ ਤਰਜੀਹ ਦਿੰਦੇ ਰਹੇ ।ਗੁਰੂ ਦੀ ਬਖਸ਼ੀ ਵਿਦਵਤਾ, ਅਖੌਤੀ ਭੇਸ ਵਾਲੇ ਕੁਝ ਕੁ ਮੂਹਰਲੇ ਮੱਸੇ ਰੰਘੜਾਂ , ਮਸੰਦਾਂ ਤੇ ਧੀਰਮੱਲੀਆਂ ਦੀ ਮਾਨਸਿਕਤਾ ਵਾਲਿਆਂ ਨੂੰ ਰਾਸ ਨਾ ਆਈ। ਅੰਦਰੋਂ ਅੰਦਰੀ ਭਾਈ ਸਾਹਿਬ ਦੀ ਪ੍ਰਸਿੱਧੀ ਅਖੌਤੀ ਉੱਚ ਜਾਤੀ ਦੇ ਘੜੱਮ ਚੌਧਰੀਆਂ ਨੂੰ ਦਿਨ ਰਾਤ ਚੁਭਣ ਲੱਗ ਪਈ। ਇਹ ਸਿਰਫ ਭਾਈ ਸਾਹਿਬ ਨਾਲ ਹੀ ਨਹੀਂ ਸਗੋਂ ਬਿਪਰ ਦੀ ਸੋਚ ਦੇ ਚਿਰਾਂ ਤੋਂ ਬੀਜੇ ਕੰਡਿਆਂ ਕਾਰਨ ਗੁਰੂ ਗਰੰਥ ਸਾਹਿਬ ਵਿਚ ਸ਼ੁਸ਼ੋਭਿਤ ਕਬੀਰ ਸਾਹਿਬ, ਰਵਿਦਾਸ ਜੀ ਤੇ ਨਾਮ ਦੇਵ ਆਦਿ ਮਹਾਨ ਸੰਤ ਵੀ ਇਹਨਾਂ ਘੜੱਮ ਚੌਧਰੀਆਂ ਦੀ ਗੰਦੀ ਮਾਨਸਿਕਤਾ ਦਾ ਅੰਦਰੋਂ ਅੰਦਰੀ ਸ਼ਿਕਾਰ ਹੁੰਦੇ ਰਹਿੰਦੇ ਹਨ । ਇਸਦਾ ਹਵਾਲਾ ਇਹਨੀ ਦਿਨੀਂ ਸੋਸ਼ਲ ਮੀਡਿਆ ਤੇ ਵਾਇਰਲ ਸਵ : ਪਦਮ ਸ਼੍ਰੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਲਿਖੀ ਕਿਸੇ ਅਖਬਾਰ ਵਿਚ ਛਪੀ ਇੱਕ ਚਿਠੀ ਤੋਂ ਮਿਲਦਾ ਹੈ ਜਿਸ ਵਿਚ ਭਾਈ ਸਾਹਿਬ ਨੇ ਉਸ ਵੇਲੇ ਦੇ ਸਿੰਘ ਸਾਹਿਬ ਜੀ ਨੂੰ ਉਹਨਾਂ ਨਾਲ ਹੋ ਰਹੇ ਜਾਤੀ ਵਿਤਕਰੇ ਬਾਰੇ ਲਿਖਿਆ । ਸੋ ਇਸ ਤਰਾਂ ਦਾ ਵਰਤਾਰਾ ਸਾਫ ਜਾਹਰ ਕਰਦਾ ਹੈ ਕਿ ਪਰਦੇ ਪਿਛੇ ਕਹਾਣੀ ਕੁਝ ਹੋਰ ਹੀ ਹੈ। ‘ਮੂੰਹ ਮੈਂ ਰਾਮ ਰਾਮ, ਬਗ਼ਲ ਮੇਂ ਛੁਰੀ’ । ਇਸ ਨਿੱਘਰੀ ਹੋਈ ਇਨਸਾਨੀਅਤ ਦਾ ਭਾਈ ਜੀ ਨੇ ਬੇਖੌਫ ਤੇ ਨਿੱਡਰ ਹੋ ਕੇ ਮੁਕਾਬਲਾ ਤਾਂ ਕੀਤਾ ਪਰ ਅੰਦਰੋਂ ਅੰਦਰੀ ਸਿੱਖ ਧਰਮ ਲਈ ਇਸ ਤਰਾਂ ਦੀ ਫਿਰਕਾਪ੍ਰਸਤੀ ਕਿੰਨੀ ਮਾਰੂ ਸਿੱਧ ਹੋਵੇਗੀ , ਇਹ ਸੋਚ ਕੇ ਉਹ ਧੁਰਅੰਦਰੋਂ ਗੰਭੀਰ ਚਿੰਤਤ ਦਿਖਾਈ ਦਿੰਦੇ ਸਨ । ਉਹਨਾਂ ਨੇ ਕਈ ਵਾਰ ਟੀ ਵੀ ਚੈਨਲਾਂ ਤੇ ਇਸ ਜਾਤੀ ਵਿਤਕਰੇ ਨੂੰ ਭੇਦ ਭਰੇ ਲਹਿਜੇ ਵਿਚ ਖੋਲਿਆ । ਭਾਈ ਸਾਹਿਬ ਦੀ ਸਖਸ਼ੀਅਤ ਤੋਂ ਸਹਿਜੇ ਹੀ ਝਲਕਦਾ ਹੈ ਕਿ ਉਹ ਅੰਦਰੋਂ ਬਾਹਰੋਂ ਇੱਕ ਸਨ । ਉਹਨਾਂ ਦੀਆਂ ਸੱਚੀਆਂ ਤਕਰੀਰਾਂ ਕਿਤੇ ਨਾ ਕਿਤੇ ਕੁਝ ਕੁ ਸਿਰਕੱਢ ਅਖੌਤੀ ਚੌਧਰੀਆਂ ਦੇ ਮਨਾਂ ਵਿਚ ਸੁਲਗਣ ਲੱਗ ਪਈਆਂ।
ਭੋਲੇ ਭਾਲੇ, ਸਹਿਜ ਤੇ ਸਰਲ ਸੁਭਾਅ ਦੇ ਮਹਾਨ ਕੀਰਤਨੀਏ ਨੇ ਆਪਣਾ ਸਮਝ ਕੇ ਉਚੇਚੇ ਤੌਰ ਤੇ ਚੈੱਕ ਅਪ ਕਰਾਉਣ ਲਈ ਗੁਰੂ ਰਾਮ ਦਾਸ ਇੰਸਟੀਟਿਊਟ (ਜਿਹੜਾ ਕਿ ਹੁਣ ਯੂਨੀਵਰਸਿਟੀ ਬਣ ਚੁਕਿਆ ਹੈ ) ਨੂੰ ਇਲਾਜ ਲਈ 28 ਅਪ੍ਰੈਲ, 2020 ਨੂੰ ਖੁਦ ਤਰਜੀਹ ਦਿੱਤੀ । ਪਰ ਬੇਗਾਨਿਆਂ ਵਾਂਗ ਗੁਰੂ ਰਾਮ ਦਾਸ ਜੀ ਦੇ ਇਸ ਅਨਿਨ ਸ਼ਰਧਾਲੂ ਨੂੰ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ ਦੇ ਨਿਕੰਮੇ ਤੰਤਰ ਨੇ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਜਿਥੇ ਉਹਨਾਂ ਦੇ ਪਰਿਵਾਰ ਮੁਤਾਬਿਕ ਉਹਨਾਂ ਦਾ ਇਲਾਜ ਨਾ ਹੋਣ ਕਰਕੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰੀ ਤੰਤਰ ਦੀ ਅਣਦੇਖੀ ਕਾਰਨ ਘਟੀਆ ਪ੍ਰਬੰਧਾਂ ਤੇ ਮਾੜੀਆਂ ਸਿਹਤ ਸਹੂਲਤਾਂ ਦਾ ਸ਼ਿਕਾਰ ਹੋਣਾ ਪੈ ਗਿਆ। ਸਵਾਲ ਪੈਦਾ ਹੁੰਦੇ ਹਨ ਕਿ ਗੁਰੂ ਰਾਮ ਦਾਸ ਹੱਸਪਤਾਲ ਕੋਲ ਪੰਥ ਦੀ ਇਸ ਮਹਾਨ ਸਖਸ਼ੀਅਤ ਲਈ ਇੱਕ ਵੀ ਵੈਂਟੀਲੇਟਰ ਕਿਓਂ ਨਾ ਸਰਿਆ? ਕੀ ਇਹ ਨਾਮ ਦਾ ਹੀ ਹੱਸਪਤਾਲ ਕਮ ਯੂਨੀਵਰਸਿਟੀ ਹੈ? ਕੀ ਰਿਕਾਰਡ ਮੁਤਾਬਿਕ ਇਸ ਅਦਾਰੇ ਕੋਲ ਕੋਈ ਵੀ ਵੈਂਟੀਲੇਟਰ ਨਹੀਂ ? ਕਿਓਂ ਭਾਈ ਸਾਹਿਬ ਨੂੰ ਗੁਰੂ ਨਾਨਕ ਹੱਸਪਤਾਲ ਭੇਜਿਆ ਗਿਆ? ਸਮੇਂ ਸਿਰ ਉਹਨਾਂ ਦਾ ਡਾਕਟਰਾਂ ਨੇ ਇਲਾਜ ਕਿਓਂ ਨਹੀਂ ਕੀਤਾ? ਕੀ ਡਾਕਟਰਾਂ ਕੋਲ ਬਚਾਅ ਵਸਤਰ ਨਹੀਂ? ਕਿਓਂ ਐੱਸ ਜੀ ਪੀ ਸੀ ਨੇ ਉਹਨਾਂ ਦੇ ਇਲਾਜ ਪ੍ਰਤੀ ਸੁਹਿਰਦਤਾ ਨਾ ਦਿਖਾਈ? ਹੋਰ ਤਾਂ ਹੋਰ ਸਰੀਰ ਛੱਡਣ ਉਪਰੰਤ ਏਡੀ ਵੱਡੀ ਪੰਥ ਤੇ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਦੀਆਂ ਅੰਤਿਮ ਰਸਮਾਂ ਨੂੰ ਲੈ ਕੇ ਸਰਕਾਰ , ਲੋਕਲ ਪ੍ਰਸ਼ਾਸ਼ਨ ਤੇ ਸ਼੍ਰੋਮਣੀ ਕਮੇਟੀ ਨੇ ਵੇਰਕਾ ਪਿੰਡ ਦੇ ਗਿਆਨ ਵਿਹੂਣੇ ਤੇ ਤੰਗ ਸੋਚ ਦੇ ਘੜੱਮ ਚੌਧਰੀਆਂ ਅੱਗੇ ਸਹਿਜੇ ਹੀ ਗੋਡੇ ਕਿਓਂ ਟੇਕੇ? ਜਦੋਂ ਕਿ ਸ਼ਮਸ਼ਾਨ ਘਾਟ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਤੇ ਭਾਰਤੀ ਦੰਡਾਵਲੀ ਅਨੁਸਾਰ ਨੌਨ ਬੇਲੇਬਲ ਜੁਰਮ ਤਹਿਤ ਵੇਰਕਾ ਪਿੰਡ ਦੇ ਸ਼ਰਾਰਤੀ ਅਨਸਰਾਂ ਤੇ ਤੁਰੰਤ ਕਾਰਵਾਈ ਕਿਓਂ ਨਹੀਂ ਕੀਤੀ? ਸਰਕਾਰੀ ਤੰਤਰ ਤੇ ਸ਼੍ਰੋਮਣੀ ਕਮੇਟੀ ਨੇ ਬਣਦੇ ਸਰਕਾਰੀ ਸਨਮਾਨ ਨਾਲ ਅੰਤਿਮ ਰਸਮਾਂ ਕਿਓਂ ਨਹੀਂ ਨਿਭਾਈਆਂ ? ਲੋਕਲ ਡਿਪਟੀ ਕਮਿਸ਼ਨਰ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਕੋਈ ਸ਼੍ਰੋਮਣੀ ਕਮੇਟੀ ਮੇਂਬਰ ਕਿਓਂ ਨਹੀਂ ਪਹੁੰਚਿਆ? ‘ਜੀਵਨ ਕੀ ਛੱਡ ਆਸ, ਪਹਿਲਾਂ ਮਰਨ ਕਬੂਲ ‘ ਨੂੰ ਰੋਜ ਦੁਹਰਾਉਣ ਵਾਲੇ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਸੁਰੱਖਿਆ ਸਾਧਨਾਂ ਦੇ ਹੁੰਦਿਆਂ ਵੀ ਕੰਨੀ ਕਿਓਂ ਕਤਰਾਈ? ਰੱਬ ਨਾ ਕਰੇ ਇਹੀ ਜੇ ਕਿਸੇ ਵੱਡੇ ਲੀਡਰ ਜਾਂ ਅਖੌਤੀ ਉੱਚ ਜਾਤੀ ਦੇ ਧਾਰਮਿਕ ਚੌਧਰੀ ਦੀ ਅੰਤਿਮ ਕਿਰਿਆ ਦਾ ਸਵਾਲ ਹੁੰਦਾ ਤਾਂ ਇਹਨਾਂ ਹੀ ਵੇਰਕਾ ਪਿੰਡ ਦੇ ਗਿਆਨ ਵਿਹੂਣੇ ਤੇ ਅਕ੍ਰਿਤਘਣ ਚੌਧਰੀਆਂ ਨੇ ਰੱਜ ਕੇ ਚਾਪਲੂਸੀ ਕਰਨੀ ਸੀ। ਭਾਈ ਸਾਹਿਬ ਦਾ ਦੁਨੀਆਂ ਤੋਂ ਇਸ ਤਰਾਂ ਤੁਰ ਜਾਣਾ, ਸਿੱਖ ਸਮਾਜ ਨੂੰ ਗੂਹੜੇ ਭੇਦਾਂ ਤੇ ਰਮਜ਼ਾਂ ਭਰੇ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਗਿਆ । ਕਿਓਂ ਇਸ ਭਿਆਨਕ ਮੰਜਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੋਈ ਫੌਰੀ ਦਿਸ਼ਾ ਨਿਰਦੇਸ਼ ਜਾਂ ਹੁਕਮ ਜਾਰੀ ਨਹੀਂ ਕੀਤਾ ਤਾਂ ਕਿ ਅਜਿਹਾ ਘਿਨਾਉਣਾ ਵਰਤਾਰਾ ਭਵਿੱਖ ਵਿਚ ਕਿਸੇ ਹੋਰ ਨਾਲ ਨਾ ਵਾਪਰੇ। ਟਰੀਟਮੈਂਟ ਵਾਰਡ ਤੇ ਆਈਸੋਲੇਸ਼ਨ ਵਾਰਡਾਂ ਵਿਚ ਵੀ 24 ਘੰਟੇ ਵਰਕਿੰਗ ਕੈਮਰੇ ਕਿਓਂ ਨਹੀਂ ਲਗਾਏ ਜਾਂਦੇ ਤਾਂ ਕਿ ਕੰਟਰੋਲ ਰੂਮ ਤੋਂ ਬੈਠ ਕੇ ਇਲਾਜ ਕਰ ਰਹੇ ਤੰਤਰ ਦੀ ਪਾਰਦਰਸ਼ਤਾ ਸਾਹਮਣੇ ਆ ਸਕੇ ਕੇ ਇਲਾਜ ਹੁੰਦਾ ਵੀ ਹੈ ਕੇ ਸਿਰਫ ਮਰੀਜ ਨੂੰ ਇਕਾਂਤਵਾਸ ਵਿਚ ਮਰਨ ਲਈ ਹੀ ਛੱਡਿਆ ਜਾਂਦਾ ਹੈ? ਆਉਣ ਵਾਲਾ ਵਕਤ ਹੀ ਦੱਸੇਗਾ ਕਿ ਭਾਈ ਸਾਹਿਬ ਪ੍ਰਤੀ ਲਾਪ੍ਰਵਾਹੀ ਲਈ ਸਰਕਾਰ ਕਿਸ ਨੂੰ ਜਿੰਮੇਵਾਰ ਠਹਿਰਾਵੇਗੀ ਤੇ ਰਾਸ਼ਟਰੀ ਧਰੋਹਰ ਹੋਣ ਦੇ ਨਾਤੇ ਸੈਂਟਰ ਸਰਕਾਰ ਕੀ ਰਵਈਆਂ ਅਪਣਾਵੇਗੀ? ਫਿਲਹਾਲ ਤਾ ਇਹੀ ਲਗਦਾ ਹੈ ਕਿ ਕੋਰੋਨਾ ਨਾਮ ਦੇ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੇ ਵਿਆਪਕ ਸਹਿਮ ਕਾਰਨ , ਅਢੁੱਕਵੀਂ ਇਲਾਜ ਵਿਵਸਥਾ ਤੇ ਚੌਧਰੀਆਂ ਦੀ ਸੌੜੀ ਸੋਚ ਨੇ ‘ਪਦਮ ਸ਼੍ਰੀ ‘, ਸ਼੍ਰੋਮਣੀ ਰਾਗੀ ਤੇ ਗੁਰੂ ਰਾਮ ਦਾਸ ਜੀ ਦੇ ਅਨਿਨ ਸੇਵਕ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਆਖਿਰ ਨਿਗਲ ਹੀ ਲਿਆ। ਭਾਂਵੇਂ ਉਹਨਾਂ ਦੀ ਪੰਚ ਭੂਤਕ ਦੇਹ ਨੂੰ ਬਿਲੇ ਲਾਉਣ ਵਿਚ ਕੂੜ ਦੀ ਹਨ੍ਹੇਰੀ ਕਾਮਯਾਬ ਹੋ ਗਈ, ਪਰ ਸੰਗਤ ਦੇ ਦਿਲਾਂ ਵਿਚ ਤੇ ਗੁਰੂ ਰਾਮ ਦਾਸ ਜੀ ਦੇ ਪਾਵਨ ਚਰਨਾਂ ਵਿਚ ਇਹ ਅਣਮੁੱਲੀ ਤੇ ਅਦੁੱਤੀ ਸਖਸ਼ੀਅਤ ਸਦਾ ਲਈ ਅਮਰ ਹੋ ਗਈ।
ਡਾਕਟਰ ਅਵਤਾਰ ਸਿੰਘ
ਗ੍ਰੀਨ ਐਵੀਨਿਊ , ਫਰੀਦਕੋਟ ।
ਫੋਨ: 08360342500