1.5 C
United Kingdom
Saturday, March 7, 2026

More

    ਕਹਾਣੀ- ਇਕ ਤੀਰ, ਦੋ ਨਿਸ਼ਾਨੇ

    ਕੁਲਵੰਤ ਧਾਲੀਆਂ (ਫਰਿਜਨੋ)

    ਪੁਰਾਤਨ ਸਮਿਆਂ ਦੀ ਗੱਲ ਆ ਕਿ ਨੱਥਾ ਸਿਉ ਪਿੰਡੋਂ ਬਾਹਰ ਖੇਤਾਂ ਵਿੱਚ ਰਹਿੰਦਾ ਸੀ। ਉਸ ਨੇ ਆਪਣੇ ਟਰੱਕਾ ਦੇ ਕਾਰੋਬਾਰ ਦੀ ਚੜਤ ਦੀ ਖੁਸ਼ੀ ਵਿੱਚ ਪਿੰਡ ਵਾਲਿਆ ਲਈ ਚੱਠ ਕਰਨੀ ਚਾਹੀ ਕਿ ਇਸੇ ਬਹਾਨੇ ਪਿੰਡ ਵਿੱਚ ਅਸਰ-ਰਸੂਕ ਵੀ ਵੱਧ ਜਾਵੇਗਾ ਅਤੇ ਥੋੜੀ ਹਵਾ ਵੀ ਹੋ ਜਾਵੇਗੀ। ਇਸੇ ਇਰਾਦੇ ਉਸ ਨੇ ਰਸਤਾ-ਵਸਤਾਂ ਖਰੀਦ, ਘਰ ਹਲਵਾਈ ਲਾ ਲਿਆ। ਲੱਡੂ ਬਣਵਾ, ਡੱਬਿਆਂ ‘ਚ ਪਾ ਆਪਣੇ ਨੌਕਰ ਨੂੰ ਪਿੰਡ ਲੱਡੂ ਵੰਡਣ ਲਈ ਭੇਜ ਦਿੱਤਾ। ਨੌਕਰ ਦਾ ਵੀ ਨਵਾਂ-ਨਵਾਂ ਵਿਆਹ ਕੁਝ ਸਮਾਂ ਪਹਿਲਾ ਹੀ ਹੋਇਆਂ ਸੀ। ਹੁਣ ਉਹ ਚਤਰ ਨੌਕਰ ਜਿਸਦੇ ਵੀ ਘਰ ਲੱਡੂਆਂ ਦਾ ਡੱਬਾ ਦੇਵੇ, ਲੋਕ ਉਸ ਨੂੰ ਵਧਾਈਆਂ ਦੇਈ ਜਾਣ ਅਤੇ ਨਾਲ ਕੁਝ ਪੈਸੇ-ਧੇਲੇ ਵੀ ਫੜਾਈ ਜਾਣ। ਸ਼ਾਇਦ ਉਹ ਸਮਝਦੇ ਹੋਣਗੇ ਕਿ ਇਹ ਆਪਣੇ ਵਿਆਹ ਦੇ ਲੱਡੂ ਵੰਡ ਰਿਹਾ। ਕੁਝ ਲੋਕਾਂ ਨੂੰ ਵੀ ਮੁਫ਼ਤ ਦੇ ਲੱਡੂ ਖਾਣ ਦੀ ਆਦਤ ਹੋਵੇਗੀ। ਉਹ ਵੀ ਨੌਕਰ ਨੂੰ ਲੱਡੂ ਖਾਣ ਦੇ ਮਾਰੇ ਐਵੇਂ ਵਧਾਈਆਂ ਜਾਂ ਧੰਨਵਾਦ ਵਗੈਰਾ ਦੀ ਫੂਕ ਛਕਾਈ ਜਾਣ। ਸ਼ਾਇਦ ਨੌਕਰ ਵੀ ਆਪਣੇ ਹਰਾਮਪੁਣੇ ਦੇ ਵਿੱਚ ਹੰਢਿਆ ਹੋਇਆਂ ਸੀ। ਉਸ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਲੱਡੂ ਤਾਂ ਨੱਥਾਂ ਸਿਉਂ ਨੇ ਆਪਣੇ ਕਾਰੋਬਾਰ ਦੀ ਚੜਤ ਦੀ ਖੁਸ਼ੀ ਵਿੱਚ ਵੰਡੇ ਹਨ। ਉਸ ਨੌਕਰ ਨੇ ਪੁਰਾਣੀ ਕਹਾਵਤ ਵਾਂਗ ‘ਇਕ ਤੀਰ ਅਤੇ ਦੋ ਨਿਸ਼ਾਨੇ’ ਲਾ ਦਿੱਤੇ। ਇਸੇ ਤਰ੍ਹਾਂ ਮੁਫ਼ਤ ਦੇ ਲੱਡੂ ਖਾ ਝੂਠੀ ਸ਼ੁਹਰਤ ਕਮਾਉਣ ਵਾਲਿਆ ਨੇ ਵੀ ਆਪਣੀ ਭੁੱਖ ਅਤੇ ਭਲ ਪੂਰੀ ਕਰ ਲਈ।
    ਹੁਣ ਕੁਝ ਦਿਨਾਂ ਬਾਅਦ ਸਾਮ ਵੇਲੇ ਨੱਥਾਂ ਸਿਉਂ ਬਣ-ਠਣ ਪਿੰਡ ਚੌਤਰੇ ‘ਤੇ ਬੈਠੇ ਬਜ਼ੁਰਗਾਂ ਕੋਲ ਆਇਆ ਅਤੇ ਗੱਲਾ-ਬਾਤਾਂ ਕਰਨ ਲੱਗਾ। ਇੰਨੇ ਨੂੰ ਦੂਰ ਬੈਠੇ ਸੰਤਾਂ ਸਿਉਂ ਨੇ ਵਡਿਆਈ ਕਰਦੇ ਹੋਏ ਕਿਹਾ ਕਿ ਨੱਥਾਂ ਸਿਆ ਤੁਹਾਡਾ ਨੌਕਰ ਬਹੁਤ ਚੰਗਾ ਏ, ਵਿਚਾਰਾ ਆਪਣੇ ਵਿਆਹ ਦੇ ਚਾਅ ‘ਚ ਲੱਡੂ ਸਾਰੇ ਪਿੰਡ ਵੰਡ ਕੇ ਗਿਆ। ਇਹ ਸੁਣ ਕੇ ਨੱਥਾਂ ਸਿਉਂ ਆਪਣਾ ਗੁੱਸਾ ਅੰਦਰ ਪੀਂਦਿਆਂ ਇਕਦਮ ਕਹਿ ਗਿਆ ‘ਹਾਂ ਭਾਈ’। ਪਰ ਦੂਸਰੇ ਪਾਸੇ ਬੈਠੇ ਬਾਬੇ ਕਰਤਾਰੇ ਨੂੰ ਨੌਕਰ ਦੀਆ ਕਰਤੂਤਾਂ ਅਤੇ ਲੱਡੂ ਕਿਸ ਨੇ ਭੇਜੇ ਸਨ ਦਾ ਪਤਾ ਸੀ ਕਿ ਇਸ ਤੋਂ ਪਹਿਲਾ ਵੀ ਕਈ ਥਾਂ ਇਹ ਰਗੜਾ ਫੇਰ ਚੁੱਕਾ ਹੈ। ਉਸ ਨੇ ਹੌਲੀ ਜਿਹੀ ਨੱਥੇ ਦੇ ਕੰਨ ਵਿੱਚ ਕਿਹਾ ਕਿ ਜੋ ਹੋ ਗਿਆ ਭੁੱਲ ਜਾ। ਮੈਨੂੰ ਪਤਾ ਤੇਰਾ ਲੱਡੂ ਨੌਕਰ ਤੇਰੇ ਲੰਡੂਆ ਕਰਕੇ ਆਪਦੀ ਬੱਲੇ-ਬੱਲੇ ਕਰਾ ਗਿਆ ਅਤੇ ਪੈਸੇ ਵੀ ਵਧਾਈਆਂ ਦੇ ਰੂਪ ਵਿੱਚ ਕਮਾ ਗਿਆ। ਪਰ ਹੁਣ ਤੋਂ ਬਾਅਦ ਖਿਆਲ ਰੱਖੀ, ਇਹੋ ਜਿਹੇ ਕਮੀਨੇ ਨੌਕਰ ਅਤੇ ਮੁਫ਼ਤ ਦੇ ਚਾਪਲੂਸਾਂ ਤੋਂ ਬਚੀ। ਅੱਜ-ਕੱਲ੍ਹ ਬਹੁਤੇ ਲੋਕਾਂ ਦੀ ਵੀ ਇਹੀ ਗੱਲ ਆ ਕਿ ਬਿਗਾਨੇ ਚੁੱਲੇ ‘ਤੇ ਮੁਫ਼ਤ ਰੋਟੀਆਂ ਪੱਕਾ ਛਕਣ ਦੀ ਤਾਂਘ ਵਿੱਚ ਰਹਿੰਦੇ ਹਨ, ਮੌਕਾ ਮਿਲੇ ਆਪਣੀ ਬੱਲੇ-ਬੱਲੇ ਲਈ ਬਲਦੀ ਵਿੱਚ ਹੱਥ ਪਾਣ ਤੱਕ ਜਾਣਗੇ। ਸਾਇਦ ਉਹ ਨਹੀਂ ਜਾਣਦੇ ਕਿ ਉਸ ਬਿਗਾਨੇ ਨੇ ਚੁੱਲੇ ਦੀ ਅੱਗ ਬਾਲਣ ਲਈ ਕਿੰਨਾਂ ਸਮਾਂ ਦਿੱਤਾ ਹੋਵੇਗਾ। ਅਜਿਹੇ ਲੋਕਾ ਨੂੰ ਦੇਖ ਮੈਨੂੰ ਪੰਜਾਬੀ ਦੇ ਮਹਾਨ ਕਵੀ ਸੁਰਜੀਤ ਪਾਤਰ ਦੀਆ ਕੁਝ ਲਾਈਨਾਂ ਦੇ ਮਿਲਦੇ-ਜੁਲਦੇ ਬੋਲ ਯਾਦ ਆਉਦੇ ਹਨ, ਜੋ ਸਾਇਦ ਉਸ ਸਮੇਂ ਸਬਰ ਦੇ ਘੁੱਟ ਭਰ ਚੁੱਕੇ ਨੱਥਾਂ ਸਿਉਂ ਦੇ ਮਨ ਵਿੱਚ ਜ਼ਰੂਰ ਆਈਆ ਹੋਣਗੀਆਂ।
    “ਖੂਨ ਮੇਰੇ ਨੇ ਸਿੰਜਿਆ ਏ ਰੁੱਖ
    ਕੀ ਹੋਇਆਂ ਜੇ ਪੱਤਿਆਂ ‘ਤੇ ਨਾਂ ਨਹੀਂ।”

    ©️ ਲੇਖਕ: ਕੁਲਵੰਤ ਧਾਲੀਆਂ।
    ਫਰਿਜ਼ਨੋ, ਕੈਲੀਫੋਨੀਆ, ਅਮਰੀਕਾ।
    ਫੋਨ: (559) 473-9264.

    Disclaimer: ਇਸ ਕਹਾਣੀ ਦਾ ਕਿਸੇ ਵਿਆਕਤੀ ਵਿਸ਼ੇਸ਼ ਨਾਲ ਕੋਈ ਸੰਬੰਧ ਨਹੀਂ। ਇਹ ਸਿਰਫ ਆਲੇ-ਦੁਆਲੇ ਦੇ ਸੱਚੇ ਤੱਥਾਂ ‘ਤੇ ਅਧਾਰਤ ਲਿਖੀ ਗਈ ਹੈ। ਜੇ ਕਿਸੇ ਦੇ ਹਲਾਤਾ ਨਾਲ ਮੇਲ ਖਾਦੀ ਹੈ ਤਾਂ ਮਾਫੀ ਦਾ ਜਾਚਕ ਹਾਂ। ਅਜਿਹੇ ਵਿਆਕਤੀ ਨੂੰ ਆਪਣੇ ਸੁਧਾਰ ਦੀ ਲੋੜ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!