
ਅਸ਼ੋਕ ਵਰਮਾ
ਬਠਿੰਡਾ 26 ਸਤੰਬਰ । ਲੇਖਕਾਂ ਦੀ ਪਾਰਲੀਮੈਂਟ ਵੱਲੋਂ ਵਜੋਂ ਜਾਣੀ ਜਾਂਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੇਂਦਰ ਸਰਕਾਰ ਤੋਂ ਬਠਿੰਡਾ ’ਚ ਸਥਿਤ ਕੇਂਦਰੀ ਪੰਜਾਬ ਯੂਨੀਵਰਸਿਟੀ ਦਾ ਨਾਮ ਸ਼ਹੀਦ- ਏ- ਆਜ਼ਮ ਸਰਦਾਰ ਭਗਤ ਸਿੰਘ ਕੇਂਦਰੀ ਯੂਨੀਵਰਸਿਟੀ ਬਠਿੰਡਾ ਰੱਖਣ ਦੀ ਮੰਗ ਕੀਤੀ ਹੈ। ਸਭਾ ਦੇ ਮੀਤ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ, ਸਕੱਤਰ ਡਾ. ਨੀਤੂ ਅਰੋੜਾ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਮੁੱਖ ਸਰਪ੍ਰਸਤ ਡਾ. ਅਜੀਤਪਾਲ ਸਿੰਘ ,ਮੁੱਖ ਸਲਾਹਕਾਰ ਡਾ. ਸਤਨਾਮ ਸਿੰਘ ਜੱਸਲ, ਸਲਾਹਕਾਰ ਪਿ੍ਰੰ. ਜਗਮੇਲ ਸਿੰਘ ਜਠੌਲ ਤੇ ਅਮਰਜੀਤ ਪੇਂਟਰ,ਜਨਰਲ ਸਕੱਤਰ ਭੁਪਿੰਦਰ ਸੰਧੂ, ਸੀਨੀਅਰ ਮੀਤ ਪ੍ਰਧਾਨ ਸੁਖਦਰਸਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਸਕੱਤਰ ਡਾ.ਜਸਪਾਲ ਜੀਤ, ਵਿੱਤ ਸਕੱਤਰ ਦਵੀ ਸਿੱਧੂ, ਪ੍ਰੈੱਸ ਸਕੱਤਰ ਗੁਰਸੇਵਕ ਚੁੱਘੇ, ਮੈਂਬਰ ਗੁਰਮੀਤ ਖੋਖਰ, ਰਾਮਦਿਆਲ ਸਿੰਘ ਸੇਖੋਂ,ਰਾਜ ਦੇਵ ਸਿੱਧੂ, ਸੁਖਬੀਰ ਸਰਾਂ, ਆਦਿ ਲੇਖਕਾਂ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਨੇ ਮੁਲਕ ਦੀ ਅਜਾਦੀ ਦੀ ਲੜਾਈ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਇਸ ਲਈ ਸ਼ਹੀਦ ਦੇ ਨਾਮ ਤੇ ਕੇਂਦਰੀ ਯੂਨੀਵਰਸਿਟੀ ਦਾ ਨਾਮ ਰੱਖਣਾ ਵਕਤ ਦੀ ਜਰੂਰਤ ਹੈ।
ਇੰਨਾਂ ਲੇਖਕਾਂ ਦਾ ਤਰਕ ਹੈ ਕਿ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਬੰਗਾਲ ਦੇ ਨਾਲ ਨਾਲ ਪੰਜਾਬ ਦੇ ਸੂਰਬੀਰ, ਯੋਧਿਆਂ, ਬਹਾਦਰਾਂ, ਬੁੱਧੀਜੀਵੀਆਂ ਤੇ ਆਮ ਲੋਕਾਂ ਦਾ ਵੱਡਾ ਯੋਗਦਾਨ ਹੈ। ਇਸ ਕਰਕੇ ਪੰਜਾਬ ਦੀ ਧਰਤੀ ਤੇ ਜਿੰਨੀਆਂ ਵੀ ਸੰਸਥਾਵਾਂ ਜਾਂ ਹੋਰ ਮਹੱਤਵਪੂਰਨ ਅਦਾਰੇ ਹਨ, ਉਨਾਂ ਦੇ ਨਾਮ ਦੇਸ਼ ਦੇ ਆਜਾਦੀ ਅੰਦੋਲਨ ਦੇ ਨਾਇਕਾਂ , ਵੱਡੇ ਲੇਖਕਾਂ ਵਿਗਿਆਨੀਆਂ, ਆਦਿ ਦੇ ਨਾਮ ਤੇ ਹੀ ਰੱਖਣੇ ਬਣਦੇ ਹਨ। ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਆਉਣ ਵਾਲੀਆਂ ਨਸਲਾਂ ਆਪਣੇ ਕੌਮੀ ਨਾਇਕਾਂ ਅਤੇ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਹੋ ਸਕਣਗੀਆਂ ਅਤੇ ਉਨਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਰੱਖਿਆ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੀਆਂ । ਲੇਖਕਾਂ ਨੇ ਬਠਿੰਡਾ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ , ਜਨਤਕ ਤੇ ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਪਲੇਟਫਾਰਮ ਤੋਂ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਭਾਰ ਕੇ ਕੇਂਦਰ ਸਰਕਾਰ ਦੇ ਸਾਹਮਣੇ ਰੱਖਣ।