4.1 C
United Kingdom
Friday, May 9, 2025

More

    ਬਠਿੰਡਾ ਨਾਲ ਕੀਤੇ ਵਾਅਦਿਆਂ ਦੀ ਚੰਗੇਰ ਚੋਂ ਹਾਲੇ ਕਈ ਪੂਣੀਆਂ ਕੱਤਣੀਆਂ ਬਾਕੀ

    ਅਸ਼ੋਕ ਵਰਮਾ
    ਬਠਿੰਡਾ, 27ਸਤੰਬਰ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ  ਪੰਜਾਬ ਦੀ ਸੱਤਾ ਤੇ ਕਾਬਜ ਕਾਂਗਰਸ  ਅਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿੱਤ ਹਾਸਲ ਕਰਨ ਲਈ ਬਠਿੰਡਾ ਵਾਸੀਆਂ ਨਾਲ ਕੀਤੇ ਵਾਅਦਿਆਂ ਵਾਲੀ ਚੰਗੇਰ ਚੋਂ ਹਾਲੇ ਕਾਫੀ ਪੂਣੀਆਂ ਕੱਤਣੀਆਂ ਬਾਕੀ ਪਈਆਂ ਹਨ ਜਦੋਂਕਿ ਨਗਰ ਨਿਗਮ ਦੀ ਚੋਣ ਫਿਰ ਨਜ਼ਦੀਕ ਆਂਉਂਦੀ ਜਾ ਰਹੀ ਹੈ ।  ਦਿਲਚਸਪ ਗੱਲ ਇਹ ਵੀ ਹੈ ਕਿ ਇਸ ਵੀ. ਆਈ. ਪੀ. ਸ਼ਹਿਰ ਬਾਰੇ ਕਾਂਗਰਸੀ ਲੀਡਰਾਂ ਵੱਲੋਂ ਹੁਣ ਤੱਕ  ਦੀਆਂ ਪ੍ਰਾਪਤੀਆਂ ਦਾ ਚਿੱਠਾ ਲੋਕ ਕਚਹਿਰੀ ਵਿੱਚ ਪੇਸ਼ ਕਰਦਿਆਂ ਜੋ  ਦਾਅਵੇ ਕੀਤੇ ਜਾ ਰਹੇ ਹਨ ਹਕੀਕਤ ਇਸ ਤੋਂ ਉਲਟ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿਕਾਸ ਪ੍ਰਾਜੈਕਟਾਂ ਬਾਰੇ ਤਾਂ ਕੋਈ ਗੱਲ ਵੀ ਨਹੀਂ ਹੋ ਰਹੀ ਹੈ। ਕੈਪਟਨ ਸਰਕਾਰ ਨੇ ਇਨਾਂ ਪ੍ਰਾਜੈਕਟਾਂ ਦੀ ਸਾਰ ਲਈ ਅਤੇ ਨਾ ਹੀ ਫੰਡ ਦਿੱਤੇ। ਬਠਿੰਡਾ ’ਚ ਨਵਾਂ ਏਸੀ ਬੱਸ ਅੱਡਾ ਬਣਨ ਦਾ ਰੌਲਾ ਰੱਪਾ 2009 ਤੋਂ ਸ਼ੁਰੂ ਹੋਇਆ ਤੇ ਨੀਂਹ ਪੱਥਰ ਬੀਬੀ ਹਰਸਿਮਰਤ ਕੌਰ ਬਾਦਲ ਨੇ 13 ਦਸੰਬਰ 2016 ਨੂੰ ਰੱਖਿਆ। ਪਹਿਲਾਂ ਸੱਤ ਮੰਜਲਾਂ, ਫਿਰ ਪੰਜ ਤੇ ਹੁਣ ਤਿੰੰਨ ਮੰਜਲਾਂ ਦਾ ਡਿਜ਼ਾਈਨ ਬਣਾਇਆ ਗਿਆ ਹੈ। ਦਾਅਵਿਆਂ ਦੇ ਬਾਵਜੂਦ ਸਰਕਾਰ ਫੌਜ ਦੇ ਇਤਰਾਜ਼ ਹਾਲੇ ਦੂਰ ਨਹੀਂ  ਕਰ ਸਕੀ ਹੈ। ਨਗਰ ਸੁਧਾਰ ਟਰੱਸਟ ਨੇ ਨਵਾਂ ਅੱਡਾ ਬਣਾਉਣਾ ਹੈ ਜਿਸ ਲਈ 50 ਕਰੋੜ ਦੇ ਫੰਡ ਲੋੜੀਂਦੇ ਹਨ। ਇਸ ਤਰਾਂ ਹੀ ਵਾਅਦੇ ਮੁਤਾਬਕ ਮਹਾਂਨਗਰ ਦੇ ਲੋਕਾਂ  ਦਾ ਬਰਸਾਤਾਂ ਦੇ ਪਾਣੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਤੋਂ ਖਹਿੜਾ  ਨਹੀਂ ਛੁਡਾਇਆ ਜਾ ਸਕਿਆ ਹੈ। ਇੱਥੋਂ ਦੇ ਸਿਰਕੀ ਬਜਾਰ ਦੇ ਦੁਕਾਨਦਾਰ ਤਾਂ ਵਿੱਤ ਮੰਤਰੀ ਦੇ ਸਥਾਨਕ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਮੁਤਾਬਕ ਉਸ ਸੱਜਰੀ ਸਵੇਰ ਦੇ ਇੰਤਜ਼ਾਰ ਵਿੱਚ ਹਨ ਜਦੋਂ ਮੀਂਹ ਪੈਣ ਸਾਰ ਉਨਾਂ ਨੂੰ ਹੜਾਂ ਵਰਗੀ ਸਥਿੱਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਗਰ ਨਿਗਮ ਬਠਿੰਡਾ ਵੱਲੋਂ ਕਰੋੜਾਂ ਦੇ ਪ੍ਰਜੈਕਟ ਬਣਾਏ ਜਾਣ ਦੇ ਬਾਵਜੂਦ ਸ਼ਹਿਰ ਦਾ ਕੋਈ ਇਲਾਕਾ ਵੀ ਅਜਿਹਾ ਨਹੀਂ ਹੈ ਜਿਸ ਪਾਸੇ ਸੀਵੇਰਜ ਲੀਕ ਕਰਨ ਦੀਆਂ ਸ਼ਕਾਇਤਾਂ ਨਾ ਆਉਂਦੀਆਂ ਹੋ। ਬਠਿੰਡਾ ਦੇ ਜਿਆਦਾਤਰ ਵਾਰਡਾਂ ’ਚ ਆਰ. ਓ. ਤਾਂ ਲੱਗ ਗਏ ਪਰ ਜਲ ਸਪਲਾਈ ਰਾਹੀਂ ਪਾਣੀ ਮੁਹੱਈਆ ਕਰਵਾਉਣ ‘ਚ ਔਕੜਾਂ ਬਰਕਰਾਰ ਹਨ।  ਕਈ ਮੁਹੱਲਿਆਂ ‘ਚ ਅਜੇ ਵੀ  ਨਗਰ ਨਿਗਮ ਨੂੰ ਟੈਂਕਰਾਂ ਰਾਹੀਂ ਪਾਣੀ ਪਹੁੰਚਾਉਣਾ ਪੈ ਰਿਹਾ ਹੈ । ਮਹੱਤਵ ਪੂਰਟ ਤੱਥ ਹੈ ਕਿ ਵਿੱਤ ਮੰਤਰੀ ਨੇ ਕਚਰਾ ਪਲਾਂਟ ਸ਼ਹਿਰ ਤੋਂ ਬਾਹਰ ਕਿਧਰੇ ਹੋਰ ਥਾਂ ਸ਼ਿਫਟ ਕਰਨ ਦਾ ਵਾਅਦਾ ਕੀਤਾ ਸੀ ਤਾਂ ਜੋ ਲੋਕਾਂ ਦਾ ਬਦਬੂ ਤੋਂ ਖਹਿੜਾ ਛੁਡਾਇਆ ਜਾ ਸਕੇ ਜਦੋਂਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਜਿਓਂ ਦੀਆਂ ਤਿਓਂ ਹਨ। ਇਸ ਤਰਾਂ ਹੀ ਹੋਰ ਵੀ ਕਈ ਕੰਮ ਅਜਿਹੇ ਹਨ ਜਿੰਨਾਂ ਨੂੰ ਸਰਕਾਰ ਹੱਥ ਤੱਕ ਨਹੀਂ ਲ ਸਕੀ ਹੈ।

    ਦਿਖਾਵੇ ਵਾਲਾ ਵਿਕਾਸ- ਸ਼ਰਮਾ
    ਸੋਸ਼ਲ ਗਰੁੱਪ ਦੇ ਆਗੂ ਗੁਰਵਿੰਦਰ ਸ਼ਰਮਾ ਬਠਿੰਡਾ ਦਾ ਕਹਿਣਾ ਸੀ ਕਿ ਜਿਸ ਵਿਕਾਸ ਦਾ ਦਾਅਵਾ ਸਰਕਾਰ ਕਰ ਰਹੀ ਹੈ ਉਹ ਲੋਕਾਂ ਦੇ ਦੁੱਖ ਕੱਟਣ ਵਾਲਾ ਨਹੀਂ ਦਿਖਾਵੇ ਵਾਲਾ ਵਿਕਾਸ ਹੈ ਉਨਾਂ ਆਖਿਆ ਕਿ ਸ਼ਹਿਰ ਦੀਆਂ ਕਾਫੀ ਸੜਕਾਂ ਦਾ ਮੰਦਾ ਹਾਲ ਹੈ। ਉਨਾਂ ਕਿਹਾ ਕਿ ਸੀਵਰੇਜ਼ ਤੇ ਪਾਣੀ ਦਾ ਮਸਲਾ ਬਣਿਆ ਹੋਇਆ ਹੈ ਜਿਸ ਨੂੰ ਦਰੁਸਤ ਕਰਵਾਉਣ ਲਈ ਸ਼ਹਿਰ ਵਾਸੀਆਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ । ਸ਼ਰਮਾ ਨੇ ਆਖਿਆ ਕਿ ਜਦੋਂ ਬਠਿੰਡਾ ਦੀ ਧਰਤੀ ਤੋਂ ਨਾਅਰੇ ਵੱਜਣੋ ਹਟ ਗਏ ਤਾਂ ਉਦੋਂ ਆਪੇ ਹੀ ਸਮਝ ਪੈ ਜਾਵੇਗੀ ਕਿ ਹੁਣ ਵਿਕਾਸ ਦੀ ਕੋਈ ਕਮੀ ਨਹੀਂ ਹੈ। ਕਿਲਾ ਮੁਬਾਰਕ ਲਾਗੇ ਰਹਿੰਦੇ ਦਰਸ਼ਨ ਕੁਮਾਰ ਦਾ ਕਹਿਣਾ ਸੀ ਕਿ ਹੁਣ ਇੱਕ ਵਾਰ ਫਿਰ ਚੋਣਾਂ ਦੀ ਆਹਟ ਨੂੰ ਦੇਖਦਿਆਂ ਹਾਕਮ ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ  ਨਿੱਤ ਨਵੀਆਂ ਗੱਲਾਂ ਅਤੇ ਐਲਾਨ ਸੁਨਣ ਨੂੰ ਮਿਲ ਰਹੇ ਹਨ ਪਰ ਪੁਰਾਣਿਆਂ ਵਾਅਦਿਆਂ ਦਾ ਕੀ ਬਣਿਆਂ ਇਹ ਕਦੇ ਕਿਸੇ ਨਹੀਂ ਦੱਸਿਆ ਹੈ।
    ਸਰਕਾਰ ਬੁਨਿਆਦੀ ਮਸਲੇ ਹੱਲ ਕਰਨ ‘ਚ ਫੇਲ : ਨੀਲ ਗਰਗ
    ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਬਠਿੰਡਾ  ਦਾ ਕਹਿਣਾ ਸੀ ਕਿ ਸ਼ਹਿਰ ‘ਚ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਰਾਜ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਨਿਘਰ ਗਈ ਹੈ । ਉਨਾਂ ਦੋਸ਼ ਲਾਏ ਕਿ ਸਰਕਾਰ ਗਰੀਬਾਂ ਨੂੰ ਮਕਾਨ ਦੇਣ ਅਵਾਰਾ ਪਸ਼ੂਆਂ,ਪਾਰਕਿੰਗ ਅਤੇ ਟਰੈਫਿਕ ਸਮੇਤ ਲੋਕਾਂ ਦੇ ਸੀਵਰੇਜ਼ ਤੇ ਪਾਣੀ ਵਰਗੇ ਬੁਨਿਆਦੀ ਮਸਲੇ ਹੱਲ ਕਰਨ ‘ਚ ਫੇਲ ਰਹੀ ਹੈ । ਉਨਾਂ ਕਿਹਾ ਕਿ ਜੇਕਰ ਵਿਕਾਸ ਹੋਇਆ ਹੰੁਦਾ ਤਾਂ ਲੋਕਾਂ ਨੇ ਸਰਕਾਰ ਦੇ ਨਾਮ ਤੇ ਢੋਲ ਵਜਾਉਣੇ ਸਨ। ਨੀਲ ਗਰਗ ਨੇ ਕਿਹਾ ਕਿ ਵਾਅਦਿਆਂ ਨੂੰ ਕਾਨੂੰਨੀ ਸੰਗਲ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੀਡਰ ਜੰਤਾ ਨੂੰ ਸਿਆਸੀ ਲਾਹੇ ਲਈ ਗੁਮਰਾਹ ਨਾਂ ਕਰ ਸਕਣ।
     ਸ਼ਹਿਰ ’ਚ ਪ੍ਰਜੈਕਟਾਂ ਤੇ ਕੰਮ ਜਾਰੀ:
    ਸ਼ਹਿਰੀ ਕਾਂਗਰਸ ਦੇ ਜਿਲਾ ਪ੍ਰਧਾਨ ਅਰੁਣ ਵਧਾਵਨ ਦਾ ਕਹਿਣਾ ਸੀ ਕਿ ਵਿੱਤ ਮੰਤਰੀ ਦੀ ਅਗਵਾਈ ਹੇਠ ਸ਼ਹਿਰ ’ਚ ਕਈ ਪ੍ਰਜੈਕਟਾਂ ਤੇ ਕੰਮ ਚੱਲ ਰਿਹਾ ਹੈ ਜਦੋਂਕਿ ਕਈ ਅਗਲੇ ਦਿਨੀ ਸ਼ੁਰੂ ਕੀਤੇ ਜਾਣੇ ਹਨ। ਉਨਾਂ ਆਖਿਆ ਕਿ ਵਿੱਤ ਮੰਤਰੀ ਨੇ ਵਿਕਾਸ ਲਈ ਦਿਡ ਖੋਹਲ ਕੇ ਫੰਡ ਦਿੱਤੇ ਹਨ ਅਤੇ ਪ੍ਰਜੈਕਟਾਂ ਲਈ ਪੈਸੇ ਦੀ ਘਾਟ ਨਾਂ ਆਉਣ ਦੇਣ ਦਾ ਵਾਅਦਾ ਵੀ ਕੀਤਾ ਹੈ। ਉਨਾਂ ਕਿਹਾ ਕਿ ਆਵਾਜਾਈ ਖਾਤਰ ਰਿੰਗ ਰੋਡ ਵਨ ਤੇ ਕੰਮ ਚੱਲ ਰਿਹਾ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!