8.9 C
United Kingdom
Saturday, April 19, 2025

More

    ਕਿਸਾਨਾਂ ਦੇ ਜੱਥਿਆਂ ਵੱਲੋਂ ਅੱਜ ਵੀ ਰੇਲ ਪਟੜੀਆਂ ਅਤੇ ਸੜਕਾਂ ਜਾਮ

    ਅਸ਼ੋਕ ਵਰਮਾ
    ਚੰਡੀਗੜ ,25 ਸਤੰਬਰ । ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਮਜਦੂਰਾਂ ਤੇ ਹੋਰ ਵਰਗਾਂ ਨੇ 13 ਜਿਲਿਆਂ ‘ਚ 48 ਥਾਂਈਂ ਸੜਕਾਂ ਤੇ ਧਰਨੇ ਅਤੇ ਮਾਲਵੇ ਦੇ 5 ਜਿਲਿਆਂ ‘ਚ ਮਾਨਸਾ, ਬਰਨਾਲਾ, ਨਾਭਾ (ਪਟਿਆਲਾ), ਛਾਜਲੀ (ਸੰਗਰੂਰ) ਅਤੇ ਰਾਮਪੁਰਾ (ਬਠਿੰਡਾ) ਵਿਖੇ ਦਿੱਲੀ ਵਾਲੇ ਰੇਲ ਰੂਟਾਂ ਨੂੰ ਜਾਮ ਕੀਤਾ।   ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿੱਚ ਵੀ ਧੱਕੇ ਨਾਲ ਪਾਸ ਕਰ ਕੇ ਖੇਤੀ ਉੱਤੇ ਸਾਮਰਾਜੀ ਕਾਰਪੋਰੇਟਾਂ ਦਾ ਮੁਕੰਮਲ ਕਬਜਾ ਕਰਾਉਣ ਲਈ ਬਜ਼ਿਦ ਮੋਦੀ ਭਾਜਪਾ ਹਕੂਮਤ ਵਿਰੁੱਧ ਸੰਘਰਸ਼ ਨੂੰ ਸਿਖਰਾਂ ਵੱਲ ਵਧਾਉਂਦਿਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਇਹ ਐਕਸ਼ਨ ਕੀਤੇ ਹਨ।
                   ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪੂਰੇ ਪੰਜਾਬ ‘ਚ ਮੋਦੀ ਭਾਜਪਾ ਹਕੂਮਤ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਜਥੇਬੰਦੀ ਦੇ ਦਾਇਰੇ ਤੋਂ ਬਾਹਰਲੇ ਕਿਸਾਨ ਮਜਦੂਰ, ਟੀਚਰ, ਮੁਲਾਜ਼ਮ, ਬੇਰੁਜਗਾਰ,ਠੇਕਾ ਕਾਮੇ, ਜਲ ਸਪਲਾਈ ਕਾਮੇ, ਵਕੀਲ, ਡਾਕਟਰ, ਦੁਕਾਨਦਾਰ, ਵਪਾਰੀ, ਦੋਧੀ, ਟੈਕਸੀ ਚਾਲਕ,ਮਿੰਨੀ ਬੱਸ ਚਾਲਕ, ਆਟੋ ਚਾਲਕ, ਸਮਾਜਿਕ ਧਾਰਮਿਕ ਸੇਵਾਦਾਰ,ਖੇਡ-ਕਲੱਬਾਂ ਦੇ ਮੈਂਬਰ,ਪੰਚ ਸਰਪੰਚ ਤੇ ਹੋਰ ਕਿਰਤੀ ਵੀ ਜੱਥੇ ਲੈ ਕੇ ਧਰਨਿਆਂ ਵਿੱਚ ਸ਼ਾਮਿਲ ਹੋਏ। ਇਹਨਾਂ ਸਭਨਾਂ ਸਹਿਯੋਗੀਆਂ ਦਾ ਬੁਲਾਰਿਆਂ ਨੇ ਸੰਗਰਾਮੀ ਧੰਨਵਾਦ ਕੀਤਾ ਅਤੇ ਮੈਦਾਨ ’ਚ ਡਟੇ ਰਹਿਣ ਦੀ ਅਪੀਲ ਵੀ ਕੀਤੀ। ਬੁਲਾਰਿਆਂ ਨੇ ਅਕਾਲੀ ਦਲ (ਬ) ਅਤੇ ਕਾਂਗਰਸ ਵੱਲੋਂ ਸਮਾਨਅੰਤਰ ਬੰਦ ਦਾ ਸੱਦਾ ਦੇ ਕੇ ਕਿਸਾਨਾਂ ‘ਚ ਭੰਬਲਭੂਸੇ ਖੜੇ ਕਰਨ ਅਤੇ ਆਪਣੀਆਂ ਸਫਾਂ ਵਿਚਲੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਨਿਖੇਧੀ ਕੀਤੀ ।
              ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਰਾਜਵਿੰਦਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ, ਮਨਜੀਤ ਸਿੰਘ ਨਿਆਲ ਸਮੇਤ ਸਾਰੇ ਜਿਲਿਆਂ ਦੇ ਆਗੂ ਸ਼ਾਮਲ ਸਨ।  
                        ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਓ। ਕਰਜਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦਿਓ।
                               ਕਰੋਨਾ ਦੀ ਆੜ ਹੇਠ ਬੇਇਨਸਾਫੀਆਂ ਤੇ ਧੱਕੇਸਾਹੀਆਂ ਖਿਲਾਫ ਲਿਖਣ ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ,ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ ਮੜ ਕੇ ਜੇਲੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90% ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ, ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਸ਼ਾਂਤਮਈ ਅੰਦੋਲਨਕਾਰੀ ਆਗੂਆਂ ਸਮੇਤ ਸਭਨਾਂ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸਰਤ ਰਿਹਾਅ ਕਰੋ। ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ ਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿਓ।
                                        ਬੁਲਾਰਿਆਂ ਨੇ ਆਖਿਆ ਕਿ ਆਦਮਖੋਰ ਨਸ਼ਾ-ਮਾਫੀਆ ਦੀ ਸਿਆਸੀ ਪ੍ਰਸ਼ਾਸਕੀ ਸਰਪ੍ਰਸਤੀ ਬੰਦ ਕਰੋ ਤੇ ਨਸ਼ਾ ਸਮਗਲਰਾਂ ਨੂੰ ਜੇਲੀਂ ਡੱਕੋ।ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕਰੋ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮਾਂ 50% ਫਾਰਮੂਲੇ ਮੁਤਾਬਕ ਮਿਥੋ  ਤੇ ਪੂਰੀ ਖਰੀਦ ਦੀ ਗਰੰਟੀ ਕਰੋ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ।
                      ਉਹਨਾਂ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ 48 ਘੰਟਿਆਂ ਦੇ ਰੇਲ-ਜਾਮ ਦੀ ਹਮਾਇਤ ‘ਚ ਭਲਕੇ ਹੋਰ ਵੀ ਕਈ ਜਿਲਿਆਂ ਵਿੱਚ ਰੇਲ-ਜਾਮ ਲਾਏ ਜਾਣਗੇ।  ਉਨਾਂ ਦੱਸਿਆ ਕਿ ਪਹਿਲੀ ਅਕਤੂਬਰ ਤੋਂ 31 ਜਥੇਬੰਦੀਆਂ ਦੇ ਸੱਦੇ ‘ਤੇ ਅਣਮਿਥੇ ਸਮੇਂ ਲਈ ਲਾਏ ਜਾਣ ਵਾਲੇ ਰੇਲ ਜਾਮ ਵੀ ਪੂਰੀ ਤਰਾਂ ਕਾਮਯਾਬ ਕੀਤੇ ਜਾਣਗੇ। ਸ਼ਹੀਦੇਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਪਿੰਡ ਪਿੰਡ ਭਰਵੀਆਂ ਨੌਜਵਾਨ ਮੀਟਿੰਗਾਂ ਕਰਕੇ ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂੰ ਕਰਵਾਇਆ ਜਾਵੇਗਾ ਅਤੇ ਕਿਸਾਨ ਲਹਿਰ ਨੂੰ ਇਨਕਲਾਬੀ ਰੰਗਤ ਚਾੜਨ ਰਾਹੀਂ ਲੁਟੇਰੇ ਰਾਜ ਪ੍ਰਬੰਧ ਵਿਰੁੱਧ ਵਿਸ਼ਾਲ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਜਾਵੇਗਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!