
ਅਸੀਂ ਭਾਰਤੀ ਕਿਸਾਨ,
ਹੁਣ ਰਹੇ ਨਾ ਨਾਦਾਨ।
ਹੱਕ ਮੰਗਦੇ ਹਾਂ ਜਾਇਜ਼,
ਕੋਈ ਮੰਗਦੇ ਨਾ ਦਾਨ।
ਨੰਗੇ ਪੈਰੋਂ , ਭੁੱਖੇ ਢਿਡ,
ਫੱਨ੍ਹਾਂ ਸੱਪਾਂ ਦੀਆਂ ਮਿੱਧ।
ਚਾਹੇ ਲੂਅ, ਚਾਹੇ ਕੋਰਾ,
ਛੱਡ ਤੁਰਦੇ ਹਾਂ ਮਕਾਨ।
ਜਾਗਾਂ ਸਾਰੀ ਸਾਰੀ ਰਾਤ,
ਜਦ ਸੌਂਦਾ ਹੈ ਜਹਾਨ।
ਲੱਕ ਤੋੜੇ ਮਹਿੰਗਾਈ,
ਕੱਢੀ ਫ਼ਿਕਰਾਂ ਨੇ ਜਾਨ।
ਅੰਨਦਾਤਾ ਮਾਰੂ ਨੀਤੀ,
ਕਾਹਤੋਂ ਕਰੇ ਬਦਨੀਤੀ।
ਹੋਵੇ ਨੰਗ ਜਿਹਦੀ ਜਨਤਾ,
ਰਵ੍ਹੇ ਰਾਜੇ ਦੀ ਨਾ ਸ਼ਾਨ।
ਸਿਆਸਤਾਂ ਨੂੰ ਤੂੰ ਛੱਡ,
ਮੈਲ਼ ਦਿਲ ਵਾਲੀ ਕੱਢ।
ਮਾਣ ਲੈਣ ਦੇਹ ਅਜ਼ਾਦੀ,
ਕਰ ਚਾਅਵਾਂ ਦਾ ਨਾ ਘਾਣ।
ਨਿੱਤ ਨਵਾਂ ਦੇ ਕੇ ਜ਼ਖਮ,
ਕਾਹਤੋਂ ਕਰੇਂ ਪਰੇਸ਼ਾਨ।
ਦੇ ਕੇ ਜਾਨਾਂ ਅਸੀਂ “ਸੰਘਾ”
ਰੱਖੀ ਭਾਰਤ ਦੀ ਸ਼ਾਨ।
ਜੈ ਜਵਾਨ, ਜੈ ਕਿਸਾਨ,
ਜੈ ਜਵਾਨ, ਜੈ ਕਿਸਾਨ।
ਗੁਰਮੇਲ ਕੌਰ ਸੰਘਾ(ਥਿੰਦ),ਲੰਡਨ