ਇਸ ਦੁਨੀਆਂ ਉੱਤੇ ਇੱਕ ਆਦਮੀ ਤੇ ਔਰਤ ਹੀ ਹੈ ਜਿਸ ਨੂੰ ਸਾਰੇ ਜੱਗ ਤੋਂ ਵੱਖਰਾ ਤੇ ਵਿਸ਼ੇਸ਼ ਬਣਾਇਆ ਹੈ, ਇਸ ਸਾਰੀ ਦੁਨੀਆਂ ਬਾਕਮਾਲ ਇਨਸਾਨ ਤੇ ਔਰਤ ਦੇ ਹੀ ਆਲੇ ਦੁਆਲੇ ਕੇਂਦਰਿਤ ਹੋਈ ਹੈ, ਪਰ ਇਸ ਇਨਸਾਨ ਨੇ ਖ਼ੁਦ ਨੂੰ ਭੁਲਾਕੇ ਤੇ ਇਨਸਾਨੀਅਤ ਨੂੰ ਛਿੱਕੇ ਟੰਗਕੇ ਆਪਣੇ ਆਪ ਲਈ ਜਿਵੇਂ ਕਈ ਅਲਾਮਤਾਂ ਤੇ ਦੁੱਖ ਸਹੇੜ ਲਏ ਹੋਣ।
ਅਸੀਂ ਤੁਸੀਂ ਸਾਰੇ ਹੀ ਮੰਨਦੇ ਹਾਂ ਕੀ ਇਨਸਾਨ ਕੱਲਾ ਹੀ ਦੁਨੀਆਂ ਤੇ ਆਇਆ ਹੈ ਤੇ ਕੱਲੇ ਨੇ ਹੀ ਇਸ ਜਹਾਨੋਂ ਤੁਰ ਜਾਣਾ ਹੈ, ਪਰ ਉਹ ਕੱਲਾ ਜ਼ਿੰਦਗੀ ਗੁਜ਼ਾਰਦਾ ਨਹੀਂ ਹੈ,ਉਸਦੇ ਲਈ ਉਮਰਾਂ ਦਾ ਸਾਥੀ ਔਰਤ ਨੂੰ ਬਣਾਇਆ ਹੈ,ਪਰ ਇਹ ਮੇਲ ਮਿਲਾਪ ਵੀ ਭਾਗਾਂ ਵਾਲਿਆਂ ਦੇ ਉਮਰਾਂ ਤੀਕ ਨਿਭਦੇ ਹਨ ਜਾਂ ਉਹ ਨਿਭਾਉਂਦੇ ਹਨ।
ਬਹੁਤੇ ਲੋਕ ਤੇ ਹਾਸੇ ਹਾਸੇ ਵਿੱਚ ਇਹ ਵੀ ਆਖਦੇ ਹਨ ਕੀ ਵਿਆਹ ਕਰਵਾਉਣਾ ਵੀ ਦੋ ਬਿਜਲੀ ਦੀਆਂ ਤਾਰਾਂ ਦੇ ਬਰਾਬਰ ਹੈ, ਜ਼ੇਕਰ ਸਹੀ ਮਿਲ ਜਾਣ ਤਾਂ ਘਰੇ ਚਾਨਣ ਹੀ ਚਾਨਣ ਜੇ ਗ਼ਲਤ ਮਿਲ ਜਾਣ ਤੇ ਹਨ੍ਹੇਰਾ ਹੀ ਹਨ੍ਹੇਰਾ, ਪਰ ਦੋ ਪਰਿਵਾਰਾਂ ਵਿੱਚ ਇਹ ਕੁੜੱਤਣ ਕਿਉਂ ਤੇ ਕਿਵੇਂ ਅਤੇ ਕੌਣ ਫ਼ੈਲਾਉਂਦਾ ਹੈ, ਇਸ ਸੋਹਣੇ ਰਿਸ਼ਤੇ ਵਿੱਚ ਤ੍ਰੇੜਾਂ ਆ ਜਾਣਾ ਜਾਂ ਕਿਸੇ ਵੱਲੋ ਪਵਾ ਦੇਣਾ ਦੋਹਾਂ ਹੀ ਪਰਿਵਾਰਾਂ ਲਈ ਅਤਿ ਘਾਤਕ ਸਿੱਧ ਹੁੰਦਾ ਹੈ।
ਵਿਆਹ ਵਾਲਾ ਸ਼ਬਦ ਉਹਨਾਂ ਲਈ ਬਹੁਤ ਚੰਗਾ ਸਮਝਿਆ ਜਾਂਦਾ ਹੈ, ਜ਼ੋ ਇੱਕ ਦੂਜੇ ਨੂੰ ਸਮਝਣ ਤੇ ਪਰਿਵਾਰ ਨਾਲ ਪੂਰਾ ਤਾਲਮੇਲ ਬਣਾਕੇ ਰੱਖਣ,ਜਿਸਨੂੰ ਇਸ ਰਿਸ਼ਤੇ ਵਿੱਚ ਦੁੱਖ ਤੇ ਮੁਸੀਬਤਾਂ ਹੀ ਮਿਲੀਆਂ ਹੋਣ ਉਸ ਲਈ ਵਿਆਹ ਇੱਕ ਸਰਾਪ ਹੀ ਲੱਗਦਾ ਹੈ।
ਵਿਆਹ ਤਕਰੀਬਨ ਸਭ ਦੇ ਹੀ ਹੁੰਦੇ ਹਨ ਤੇ ਬਹੁਤ ਸਾਰਿਆਂ ਦੇ ਨਿਭਦੇ ਹਨ ਤੇ ਬਹੁਤਿਆਂ ਦੇ ਨਿਭਦੇ ਵੀ ਨਹੀਂ,ਪਰ ਜਦੋਂ ਰਿਸ਼ਤਾ ਟੁੱਟ ਦਾ ਹੈ ਤਾਂ ਇਕੱਲਾ ਰਿਸ਼ਤਾ ਹੀ ਨਹੀਂ ਟੁੱਟਦਾ ਦੋ ਪਰਿਵਾਰਾਂ ਦੇ ਅਰਮਾਨ ਤੇ ਰੀਝਾਂ ਦੇ ਨਾਲ ਇਨਸਾਨ ਦੇ ਸੁਪਨੇ ਤੇ ਇਨਸਾਨ ਵੀ ਟੁੱਟਦਾ ਹੈ, ਰਿਸ਼ਤਾ ਟੁੱਟਣਾ ਜਾਂ ਤਲਾਕ ਹੋ ਜਾਣਾ ਦੋਹਾਂ ਪਰਿਵਾਰਾਂ ਲਈ ਦੁੱਖਦਾਇਕ ਤੇ ਇੱਕ ਸਬਕ ਬਣਕੇ ਉਭਰਦਾ ਹੈ, ਇੱਕ ਦੂਜੇ ਕੋਲੋਂ ਵੱਖ ਹੋਣਾ ਸਭ ਤੋਂ ਵੱਧ ਪ੍ਰਭਾਵਿਤ ਇਸ ਨਾਲ ਬੱਚਿਆਂ ਦਾ ਭਵਿੱਖ ਹਨ੍ਹੇਰੇ ਵੱਲ ਚਲਾ ਜਾਂਦਾ ਹੈ, ਸ਼ਾਇਦ ਮੇਰੇ ਇਸ ਖ਼ਿਆਲ ਨਾਲ ਸਾਰੇ ਸਹਿਮਤ ਵੀ ਨਾ ਹੋਣ,ਪਰ ਜਦੋਂ ਰਿਸ਼ਤਿਆਂ ਵਿੱਚ ਤ੍ਰੇੜ ਪੈਂਦੀ ਹੈ ਤਾਂ ਇਨਸਾਨ ਨੂੰ ਦਿਮਾਗ਼ੀ ਤੌਰ ਤੇ ਧੱਕਾ ਜ਼ਰੂਰ ਲੱਗਦਾ ਹੈ।
ਆਖਿਰ ਦੋ ਜ਼ਿੰਦਗੀਆਂ ਦਾ ਵੱਖ ਹੋਣਾ ਜਾਂ ਰਿਸ਼ਤਾ ਟੁੱਟਣ ਦੇ ਕਾਰਨ ਇੱਕ ਨਹੀਂ ,ਕਈ ਹੋ ਸਕਦੇ ਹਨ, ਇੱਕ ਹੋਵੇ ਸਮਝ ਵੀ ਆ ਜਾਂਦਾ ਹੈ, ਕਈਆਂ ਨੂੰ ਅਕਸਰ ਹੀ ਕਹਿੰਦੇ ਸੁਣਿਆ ਹੈ ਕਿ ਧੀ ਦਾ ਘਰ ਵਸਾਉਣਾ ਮਾਪਿਆਂ ਦੇ ਹੱਥ ਹੁੰਦਾ ਹੈ, ਜਿਸ ਵਿੱਚ ਮੁੱਖ ਭੂਮਿਕਾ ਮਾਂ ਦੀ ਹੁੰਦੀ ਹੈ, ਇਹ ਕਿੱਥੋਂ ਤੱਕ ਠੀਕ ਹੈ ਜਾਂ ਠੀਕ ਕਹਿ ਸਕਦੇ ਹਾਂ, ਇਕੱਲੇ ਮਾਪੇ ਹੀ ਕਿਉਂ..?ਸਹੁਰਾ ਪਰਿਵਾਰ ਕਿਉਂ ਨਹੀਂ..?ਜ਼ੇਕਰ ਧੀ ਵਾਲ਼ੇ ਧੀ ਵਸਾਉਣਾ ਚਾਉਂਦੇ ਹੋਣ ਤੇ ਸਹੁਰਾ ਪਰਿਵਾਰ ਰੱਖਣ ਲਈ ਨਾ ਤਿਆਰ ਹੋਵੇਂ ਤਾਂ ਫ਼ਿਰ ਜੁੰਮੇਵਾਰ ਕੌਣ…?
ਇਸ ਦੁਨੀਆਂ ਵਿੱਚ ਕੋਈ ਵੀ ਸੰਪੂਰਨ ਜਾਂ ਬਹੁ – ਗੁਣੀਕਾਰੀ ਕੋਈ ਨਹੀਂ ਹੁੰਦਾ, ਅਸੀਂ ਸਾਰੇ ਹੀ ਗੁਣਕਾਰੀ ਹੋਣ ਦੇ ਨਾਲ ਨਾਲ ਵੀ ਬਹੁਤ ਸਾਰੀਆਂ ਗੱਲਾਂ ਵਿੱਚ ਅਧੂਰੇ ਹਾਂ, ਕਮੀਆਂ ਸਾਡੇ ਸਭ ਵਿੱਚ ਹਨ ,ਪਰ ਜ਼ੇਕਰ ਸਮਝੀਏ ਤੇ ਮੰਨੀਏ,ਪਰ ਆਪਣੇ ਆਪ ਨੂੰ ਨੀਵਾਂ ਤੇ ਮਾੜਾ ਕੌਣ ਕਹੇ, ਇਸ ਜ਼ਿੰਦਗੀ ਨੂੰ ਜਿਊਣ ਲਈ ਮੁਆਫ਼ੀ ਤੇ ਮੁਆਫ਼ ਵਾਲ਼ੇ ਸ਼ਬਦ ਸਾਡੇ ਸਭ ਲਈ ਇੱਕ ਵਧੀਆਂ ਤੇ ਪ੍ਰੇਣਾ ਸ੍ਰੋਤ ਵਾਲੇ ਸ਼ਬਦ ਹਨ,ਪਰ ਅਸੀਂ ਇਹਨਾਂ ਦੀ ਵਰਤੋਂ ਬਹੁਤ ਘੱਟ ਤੇ ਨਾ-ਮਾਤਰ ਹੀ ਕਰਦੇ ਹਾਂ।
ਅੰਤ ਵਿੱਚ ਇਹੋ ਬੇਨਤੀ ਕਰਾਂਗਾ ਕੀ ਇਹ ਜ਼ਿੰਦਗੀ ਦੁਬਾਰਾ ਮਿਲਣੀ ਬਹੁਤ ਹੀ ਮੁਸ਼ਕਿਲ ਹੈ, ਸਾਨੂੰ ਇੱਕ ਦੂਜੇ ਨਾਲ ਜੁੜਕੇ ਰਹਿਣਾ ਚਾਹੀਦਾ ਹੈ, ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਹੈ,ਬਹੁਤੇ ਮੈਂ ਵੇਖੇਂ ਹਨ ਕੀ ਜਿਉਂਦੇ ਇਨਸਾਨ ਨੂੰ ਬੁਲਾਉਂਦੇ ਵੀ ਨਹੀਂ,ਘਰੇ ਤਾਂ ਜਾਣ ਦੀ ਗੱਲ ਦੂਰ,ਪਰ ਜਦ ਉਹ ਮਰ ਜਾਂਦਾ ਹੈ ਤਾਂ ਸਭ ਗਿਲੇ ਭੁਲਾਕੇ ਉਸਦੇ ਪਰਿਵਾਰ ਨਾਲ ਹਮਦਰਦੀ ਵਿਖਾਵਣ ਲਈ ਪਹੁੰਚ ਜਾਂਦੇ ਹਨ,ਕੀ ਇਹ ਸਾਨੂੰ ਸ਼ੋਭਾ ਦਿੰਦਾ ਹੈ..?ਵਿਚਾਰ ਤੁਹਾਡੇ ਆਪਣੇ- ਆਪਣੇ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444