ਰਜਨੀ ਵਾਲੀਆ
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਮਿੱਟੀ ਜੰਮਦੀ ਤੇ ਮਿੱਟੀ ਮਰਦੀ,
ਮਿੱਟੀ ਜਿੱਤੇ ਮਿੱਟੀ ਹਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਮੈਂ ਸੋਚਾਂ ਦੇ ਸਾਗਰ ਡੁੱਬੀ,
ਮੇਰੀ ਸੋਚ ਪਈ ਤਾਰੀ ਤਰਦੀ |
ਮੈਂ ਆਪਣੇਂ ਰਾਹ ਸਿੱਧੀ ਜਾਵਾਂ,
ਮੈਂ ਨਾ ਕਿਸੇ ਤੋਂ ਡਰਦੀ |
ਭਰਨ ਗਵਾਹੀੲਆਂ ਮੇਰੀਆਂ,
ਚੰਨਾਂ ਅੰਬਰਾਂ ਦੇ ਸਭ ਤਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਰੂਪ ਜਿਹੜਾ ਵੀ ਘੜ ਦੇਂਦਾ ਏ,
ਇੱਕੋ ਹੀ ਘੜਨੇ ਵਾਲਾ |
ਸ਼ੜਿਓਂ ਬਿਨਾ ਓ ਰਹਿ ਨਹੀ
ਸਕਦਾ ਜੋ ਹੋਵੇ ਸੜਨੇ ਵਾਲਾ |
ਆਕਾਸ਼ ਤੋਂ ਪਾਤਾਲ ਤੀਂਕਣ ਨੇਂ,
ਮਿੱਟੀਏ ਤੇਰੇ ਪਸਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਮਿੱਟੀ ਜੇਕਰ ਖਾਣ ਤੇ ਆਵੇ,
ਉਹ ਸਭ ਕੁਝ ਹੈ ਖਾਂਦੀ |
ਸਿਦਕੜੇ ਵਾਲੇ ਤਰ ਜਾਂਦੇ,
ਤੇ ਹੋ ਜਾਂਦੀ ਏ ਚਾਂਦੀ |
ਬੰਦਾ ਮਿੱਟੀ ਵਿਸਾਰ ਦੇਂਦਾ ਏ,
ਮਿੱਟੀ ਨਾ ਕਦੇ ਵਿਸਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਕਦੇ ਨਾ ਰੋਟੀ ਮਿਲੇ ਖਾਣ ਨੂੰ,
ਤੇ ਕਦੇ ਕੁੱਲੀ ਚੋਵੇ |
ਮਿੱਟੀ ਦੇ ਘਰ ਅੰਦਰ ਰਹਿੰਦਾ,
ਮਾਸੂਮ ਬਾਲ ਪਿਆ ਰੋਵੇ |
ਸ਼ਾਹੂਕਾਰ ਵਿੱਚ ਕਰੇ ਵਸੇਰਾ,
ਜੋ ਬਣਦੇ ਮਹਿਲ ਮੁਨਾਰੇ|
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਮਿੱਟੀਏ ਨੀ ਸੁਣ ਮਾਣ ਕਰੀ,
ਨਾ ਇੱਕ ਦਿਨ ਢਹਿ ਕੇ ਰਹਿਣਾ |
ਇੱਕੋ ਜ਼ਾਤ ਤੇਰੀ ਚੰਗਿਆਈ,
ਕਿਸੇ ਹੋਰ ਪਾਸੇ ਨਾ ਪੈਣਾ |
ਬਣ ਜਾਂਦੇ ਕਈ ਹਾਸਾ ਮੁੱਖ ਦਾ,
ਕਈ ਬਣ ਜਾਣ ਹੰਝੂ ਖਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਮਿੱਟੀ ਆਪਣੀ ਹੋਂਦ ਚ ਰਹਿ ਕੇ,
ਸਭ ਕੁਝ ਜਿੱਤਦੀ ਆਪੇ |
ਮਿੱਟੀ ਆਪੇ ਅਮਰ ਕਰੇਂਦੀ,
ਮਿੱਟੀ ਦੇ ਉੱਪਰ ਨੇ ਮਾਪੇ |
ਮਿੱਟੀ ਤਪਸ਼ ਚ ਭੁੰਨ ਸੁੱਟਦੀ ਏ,
ਠੰਡਾਂ ਦੇ ਵਿੱਚ ਠਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |
ਰਜਨੀ ਆਪਣੇ ਫਰਜ਼ ਨਿਭਾਵੇ,
ਫਰਜ਼ਾ ਤੋਂ ਨਾ ਭੱਜੇ |
ਏਨਾਂ ਮਾਲਕ ਦਿੱਤਾ ਮੈਨੂੰ,
ਘਰੇ ਭੁੱਖਾ ਵੀ ਆ ਰੱਜੇ |
ਮਿੱਟੀਏ ਨੀ ਪੁੰਨ-ਦਾਨ ਕਰਨ,
ਨਾਲ ਲੱਥ ਜਾਂਦੇ ਨੇਂ ਭਾਰੇ |
ਮਿੱਟੀ ਰੰਗ ਵਟਾ ਲੈਂਦੀ ਏ,
ਮਿੱਟੀ ਦੇ ਕੰਮ ਸਾਰੇ |