ਰਜਨੀ ਵਾਲੀਆ
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਤੂੰ ਮੈਨੂੰ ਜੋ ਵੀ ਦਿੱਤੈ,
ਮੈਥੋਂ ਜਾਵੇ ਕਿਤੇ ਡੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਸਮਝੇ ਨਾ ਮਨ ਮੇਰਾ ਮੈਂ,
ਬੜੀ ਪਰੇਸ਼ਾਨ ਵੇ |
ਕਦੀ-ਕਦੀ ਆ ਜਾਂਦੀ ,
ਕੜਿੱਕੀ ਵਿੱਚ ਜਾਨ ਵੇ |
ਭੋਲੈ ਬੜਾ ਦਿਲ ਡਰਾਂ,
ਜਾਵੇ ਕਿਤੇ ਰੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਏਨਾਂ ਨਹੀਂ ਸਿਆਣਾਂ ਦਿਲ,
ਕਰਦਾ ਨਿਆਣੀਆਂ |
ਨਵੀਆਂ ਕੀ ਦੱਸਾਂ ਗੱਲਾਂ,
ਭੁੱਲ ਜਾਵੇ ਪੁਰਾਣੀਆਂ |
ਗੰਢ ਜਿਹੜੀ ਵੱਜੀ ਏ,
ਜਾਵੇ ਕਿਤੇ ਖੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਮੈਂ ਨਜ਼ਰਅੰਦਾਜ ਕਰਾਂ,
ਉਹਦੀਆਂ ਕੁਤਾਈਆਂ ਨੂੰ |
ਰੱਬ ਰੱਖੀ ਜਾਂਦੈ ਹੱਥ,
ਦੇ ਕੇ ਬੇਪ੍ਰਵਾਹੀਆਂ ਨੂੰ |
ਦਿਲਾ ਤੂੰ ਏਂ ਖਰਾ ਤਾਂ ਹੀ,
ਤੇਰੇ ਕੋਈ ਤੁਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਡਰਾਂ ਵੇ ਮੈਂ ਖਾਰ ਕਿਤੇ,
ਤੈਨੂੰ ਚੁਭ ਜਾਣ ਨਾ |
ਕੀੜੇ ਨੇ ਜੋ ਹੰਝੂਆਂ ਦੇ,
ਨੋਚ-ਨੋਚ ਖਾਣ ਨਾ |
ਸੱਧਰਾਂ ਦੇ ਬਾਗੋਂ ਕੁਮਲਾਉਣ,
ਕਿਤੇ ਫੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਦਿਲ ਕੋਲੋਂ ਲਵਾਂ ਗੱਲ,
ਗੱਲ ਤੇ ਸਲਾਹ ਮੈਂ |
ਗੁੱਸੇ ਵਿੱਚ ਆ ਕੇ ਰਵਾਂ,
ਕਰਦੀ ਗਿਲਾ ਮੈਂ |
ਬੇਸ਼ਕੀਮਤੀ ਏਂ ਦਿਲਾ,
ਤੇਰਾ ਘਟਦਾ ਵੀ ਮੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਤੇਰੇ ਆਸਰੇ ਜੋ ਰੋੜ ਲਈ,
ਬੇੜੀ ਪਾਰ ਲਾ ਦੇਵੀਂ |
ਡੋਲ ਨਾ ਜਾਵੇ ਮੇਰਾ,
ਦਿਲ ਸਮਝਾ ਦੇਵੀਂ |
ਆ ਜਾਣ ਹਵਾਵਾਂ ਭਾਵੇਂ,
ਹਨੇਰ ਜਾਵੇ ਝੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਸੁੱਕੇ ਹੋਏ ਪਤ ਵਾਂਗੂ,
ਮੇਰੇ ਸਾਹ ਰਹਿਣ ਡੋਲਦੇ |
ਆਉਂਦੇ ਜਾਂਦੇ ਗਮ ਦਿਲਾ,
ਤੇਰੇ ਨਾਲ ਹੀ ਕਿਉਂ ਬੋਲਦੇ |
ਰਹਿਣ ਦੇਵੀਂ ਡੱਕੀਆਂ ਹੀ,
ਪੀੜਾਂ ਜਾਣ ਖੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਦਿਲ ਅਵਾਜ਼ਾਰ ਰਹਿੰਦਾ,
ਏਨੂੰ ਸਮਝਾਵਾਂ ਮੈਂ |
ਕੀ ਮੈਥੋਂ ਚਾਹੁੰਦਾ ਏ,
ਕਿੱਥੇ ਲੈ ਕੇ ਜਾਵਾਂ ਮੈਂ |
ਹਨੇਰਾ ਅੱਗੇ ਈ ਬਹੁਤ,
ਬੱਤੀ ਹੋ ਜਾਵੇ ਗੁੱਲ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |
ਰਜਨੀ ਕਰਦੀ ਫਿਕਰ ਬੜਾ,
ਏਦਾ ਕੋਈ ਇਲਾਜ ਨਹੀ |
ਦਿਲਾ ਸਮਝਦਾਰੀ ਰੱਖ ਕਦੇ,
ਕਦੇ ਛੱਡਦਾ ਸਮਾਜ ਨਹੀ |
ਭੱਠ ਹੰਝੂ ਭੁੱਜਦੇ ਨੇ,
ਗਮਾਂ ਵਾਲੀ ਚੁੱਲ੍ਹ ਨਾ |
ਮਾਫ ਕਰੀਂ ਰੱਬਾ ਮੈਥੋਂ,
ਹੋਵੇ ਕੋਈ ਭੁੱਲ ਨਾ |