ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ । ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਮ ਤੇ ਆਮ ਆਦਮੀ ਪਾਰਟੀ ਨੇ ਹੁਣ ਤੋਂ ਹੀ ਟੇਢੇ ਢੰਗ ਨਾਲ ਸਿਆਸੀ ਮੁਹਿੰਮ ਵਿੱਢ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਨੇ ਅੱਜ ਆਕਸੀਜਨ ਪੱਧਰ ਦੀ ਜਾਂਚ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਸਿਆਸੀ ਪਾਰਾ ਵੀ ਜੋਹਿਆ। ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਧੋਬੀ ਬਜਾਰ ’ਚ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਜਾਂਚ ਕੀਤੀ ਤੇ ਦੁਕਾਨਦਾਰਾਂ ਨੂੰ ਇਸ ਜਾਂਚ ਦਾ ਮੰਤਵ ਦੱਸਿਆ। ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ।ਪ੍ਰੋ. ਬਲਜਿੰਦਰ ਕੌਰ ਵੀ ਦੁਕਾਨਾਂ ਤੇ ਗਏ ਅਤੇ ਇਹੋ ਅਮਲ ਦੁਰਹਾਇਆ। ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਪੰਜਾਬ ਦੇ ਦੁੱਖਾਂ ਲਈ ਜਿੰਮੇਵਾਰ ਦੱਸਿਆ।
ਆਪ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬੇਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਨਿੱਜੀਕਰਨ ਦਾ ਗਲਬਾ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਏਨੇ ਮਾੜੇ ਹਾਲਾਤ ਐਨੀ ਵੱਡੀ ਗਿਣਤੀ ‘ਚ ਮੌਤਾਂ ਨਹੀਂ ਹੋਣੀਆਂ ਸਨ। ‘ਆਪ’ ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ ਜੋਕਿ ਸਾਡੇ ਤਬਾਹ ਹੋਏ ਸਿਹਤ ਢਾਂਚੇ ਦਾ ਪ੍ਰਗਟਾਵਾ ਕਰਦਾ ਹੈ। ਰੁਪਿੰਦਰ ਕੌਰ ਰੂਬੀ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ ‘ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫੀਸਦੀ ਖਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ ‘ਚ ਇਹ 4 ਪ੍ਰਤੀਸ਼ਤ ਘੱਟ ਹੈ। ਇਹੋ ਕਾਰਨ ਕਿ ਦਿੱਲੀ ਦੇ ਸਰਕਾਰੀ ਹਸਪਤਾਲ-ਡਿਸਪੈਂਸਰੀਆਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦਿੰਦੀਆਂ ਹਨ ਅਤੇ ਸਾਡੇ ਇਥੇ (ਪੰਜਾਬ) ਦੇ ਸਰਕਾਰੀ ਹਸਪਤਾਲਾਂ ‘ਚ ਨਾ ਲੋੜੀਂਦੀਆਂ ਦਵਾਈਆਂ ਅਤੇ ਨਾ ਡਾਕਟਰ ਅਤੇ ਸਹਾਇਕ ਸਟਾਫ ਹੈ।
ਉਨਾਂ ਦੱਸਿਆ ਕਿ ਨਤੀਜਾ ਇਹ ਹੈ ਕਿ ਕੱਲ 17 ਸਤੰਬਰ ਨੂੰ ਅਬਾਦੀ ਦੀ ਘਣਤਾ ਪੰਜਾਬ ਨਾਲੋਂ ਕਿਤੇ ਜਿਆਦਾ ਹੋਣ ਕਰਕੇ ਦਿੱਲੀ ‘ਚ ਪੰਜਾਬ ਨਾਲੋਂ ਕਰੀਬ 10 ਹਜਾਰ ਐਕਟਿਵ (ਪਾਜੇਟਿਵ) ਮਰੀਜ਼ ਵੱਧ ਹੋਣ ਦੇ ਮੁਕਾਬਲੇ ਮੌਤਾਂ ਦੀ ਗਿਣਤੀ 38 ਅਤੇ ਪੰਜਾਬ ‘ਚ 54 ਸੀ। ਰੁਪਿੰਦਰ ਕੌਰ ਰੂਬੀ ਨੇ ਬੇਕਾਬੂ ਹੋਈ ਕੋਰੋਨਾ ਮਹਾਂਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਕਰਾਰ ਦਿੰਦਿਆਂ ਦੱਸਿਆ ਕਿ ਪੰਜਾਬ ਅਜੇ ਤੱਕ 15 ਲੱਖ ਵੀ ਨਹੀਂ ਕਰ ਸਕਿਆ ਜਦੋਂਕਿ ਦਿੱਲੀ ‘ਚ ਕੱਲ ਤੱਕ 23 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਸਨ। ਉਨਾਂ ਦੱਸਿਆ ਕਿਦਿੱਲੀ ਦੇ ਹਸਪਤਾਲਾਂ ‘ਚ ਕੋਵਿਡ ਬੈਡਾਂ ਦੀ ਗਿਣਤੀ 14521 ਅਤੇ ਪੰਜਾਬ ‘ਚ 8854 ਹੈ। ਦਿੱਲੀ ‘ਚ ਵਿਸ਼ੇਸ਼ ਕੋਵਿਡ ਹੈਲਥ ਕੇਅਰ ਸੈਂਟਰਾਂ ਦੀ ਗਿਣਤੀ 594 ਹੈ ਜਦਕਿ ਪੰਜਾਬ ‘ਚ ਇਸ ਤਰਾਂ ਦਾ ਇੱਕ ਵੀ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ।
‘ਆਪ’ ਆਗੂਆਂ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਉਹ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀ ਦੇਖਣ ਅਤੇ ਲੋਕਾਂ ‘ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ ‘ਚ ਜੰਗੀ ਪੱਧਰ ‘ਤੇ ਨਿਵੇਸ਼ ਕਰਨ ਤਾਂ ਜੋ ਪੰਜਾਬੀਆਂ ਨੂੰ ਕਰੋਨਾ ਮਹਾਂਮਾਰੀ ਦੇ ਹੱਲਿਆਂ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ 2022 ‘ਚ ਜੇਕਰ ਲੋਕਾਂ ਨੇ ‘ਆਪ’ ਦੀ ਸਰਕਾਰੀ ਲਿਆਂਦੀ ਤਾਂ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਲੋਕਾਂ ਦੀ ਦਿੱਲੀ ਵਾਂਗ ਪ੍ਰਾਈਵੇਟ ਖੇਤਰ ‘ਤੇ ਨਿਰਭਰਤਾ ਖਤਮ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਨਵਦੀਪ ਜੀਦਾ, ਨੀਲ ਗਰਗ, ਅਮਿ੍ਰਤ ਲਾਲ ਅਗਰਵਾਲ, ਮਾਸਟਰ ਜਗਸੀਰ ਸਿੰਘ ਅਨਿਲ ਠਾਕੁਰ, ਅਤੇ ਸੁਖਵੀਰ ਸਿੰਘ ਮਾਈਸਰਖਾਨਾ, ਆਦਿ ਆਗੂ ਹਾਜਰ ਸਨ।