ਦੁੱਖਭੰਜਨ ਰੰਧਾਵਾ
0351920036369
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਪੀੜ ਰੁੱਗ ਭਰਕੇ,
ਜਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਕੋਲੋਂ ਉਹ,
ਪਲਾਂ ਚ ਖੋਹ ਕੇ ਲੈ ਗਈ |
ਸੀਨੇ ਵਿੱਚ ਜੋ ਵੀ ਸੀ ,
ਸਭ ਟੋਹ ਕੇ ਲੈ ਗਈ |
ਨੋਟ-ਨੋਟ ਰੱਖ ਲਏ ਤੇ,
ਭਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਫੁੱਲ ਉਹਨੇ ਰੱਖ ਲਏ,
ਖਾਰ ਸਾਨੂੰ ਮੋੜਤੇ |
ਸਕੂਨ ਉਹਨੇਂ ਰੱਖ ਲਏ,
ਭਾਰ ਸਾਨੂੰ ਮੋੜਤੇ |
ਹਵਾਵਾਂ ਕੋਲ ਰੱਖ ਲਈਆਂ ਤੇ,
ਤੁਫਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਦਿਲ ਦਾ ਮਕਾਨ ਉਹਨੇ,
ਨਾਵੇਂ ਮੇਰੇ ਕਰਤਾ |
ਮੇਰੇ ਵਿੱਚ ਰੂਹ ਫੂਕ,
ਘੜਾ ਮੇਰਾ ਭਰਤਾ |
ਕੌਲ ਸਾਥੋਂ ਲੈ ਗਈ ਤੇ,
ਜੁਬਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਮਰਨੋਂ ਪਹਿਲਾਂ ਦੋਵੇਂ ਅਸੀਂ,
ਰਹਿੰਦੇ ਸਾਹੋ-ਸਾਹੀ ਸੀ |
ਇੱਕ ਸਾਡਾ ਰਾਹ ਸੀ,
ਇੱਕ ਮੰਜਿਲ ਦੇ ਰਾਹੀ ਸੀ |
ਦੀਨ ਸਾਡਾ ਲੈ ਗਈ ਤੇ,
ਈਮਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਅਸੀਂ ਫਰਜ ਆਪੋ-ਆਪਣੇਂ,
ਹਾਂ ਹੁਣ ਪੂਰੇ ਕਰਦੇ |
ਹਟਕੋਰੇ ਓ ਓਥੇ ਭਰਦੀ,
ਤੇ ਅਸੀਂ ਏਥੇ ਭਰਦੇ |
ਰੂਹ ਦੀਆਂ ਕੁੰਜੀਆਂ ਹੋ,
ਹੈਰਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਜੋ ਖਾਰਾਂ ਨਾਲ ਵਿੰਨਿਆ,
ਤੇ ਹੰਝੂਆਂ ਨਾ ਸਿੰਜਿਆ |
ਜੋ ਪੋਰੀ-ਪੋਰੀ ਕੱਟਿਆ,
ਤੇ ਪੀੜਾਂ ਰਾਹੀਂ ਪਿੰਜਿਆ |
ਕੰਮ ਦਾ ਜੋ ਨਹੀਂ ਸੀ,
ਗੁਲਦਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |
ਦੁੱਖਭੰਜਨ ਜੋ ਕਹਿੰਦਾ ਏ,
ਉਹ ਬੋਲੀ ਜਾਂਦੀ ਏ |
ਜਿੰਨਾਂ-ਜਿੰਨਾਂ ਕਹਿੰਦਾ ਏ,
ਉਹ ਤੋਲੀ ਜਾਂਦੀ ਏ |
ਆਪਣੇਂ ਉਹ ਲਫਜ਼ਾਂ ਦੀ,
ਕਮਾਨ ਸਾਨੂੰ ਦੇ ਗਈ |
ਸਾਨੂੰ ਸਾਡੇ ਰੋਣ ਦਾ,
ਸਮਾਨ ਸਾਨੂੰ ਦੇ ਗਈ |