ਅਸ਼ੋਕ ਵਰਮਾ
ਬਠਿੰਡਾ, 15ਸਤੰਬਰ। ਪੰਜਾਬ ਦੇ ਹਜਾਰਾਂ ਕਿਸਾਨਾਂ,ਔਰਤਾਂ ਤੇ ਬੱਚਿਆਂ ਨੇ ਪੰਜਾਬ ਪੁਲਿਸ ਦੀ ਕਿਲਾਬੰਦੀ ਭੰਗ ਕਰਕੇ ਆਪਣੇ ਐਲਾਨ ਤਹਿਤ ਪਿੰਡ ਬਾਦਲ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਲਾ ਦਿੱਤਾ ਜੋਕਿ ਪੰਜ ਦਿਨ ਚੱਲੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨ ਮੋਰਚੇ ’ਚ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਐਲਾਨ ਕੀਤਾ ਕਿ ਕਿਸਾਨ ਹੁਣ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ। ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਕਿਸਾਨਾਂ ਦੇ ਜੱਥੇ ਪਿੰਡ ਘੁੱਦਾ ’ਚ ਇਕੱਠੇ ਹੋਏ ਜਿੱਥੇ ਕਿਸਾਨ ਕਾਫਲਿਆਂ ਨੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਹਰਸਿਮਰਤ ਕੌਰ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਅਤੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਮੌਤ ਦੇ ਵਰੰਟਾਂ ਤੇ ਦਸਤਖਤ ਕਰ ਰਹੀ ਹੈ ਜਦੋਂਕਿ ਅੱਜ ਵੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੇ ਬਾਦਲ ਪ੍ਰੀਵਾਰ ਵੱਲੋਂ ਸਿਆਸੀ ਪਾਖੰਡ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਵੱਲੋਂ ਦਿੱਤੀਆਂ ਜੋਸ਼ੀਲੀਆਂ ਤਕਰੀਰਾਂ ਉਪਰੰਤ ਕਿਸਾਨਾਂ ਨੇ ਪਿੰਡ ਬਾਦਲ ਵੱਲ ਨੂੰ ਚਾਲੇ ਪਾ ਦਿੱਤੇ।
ਬਾਦਲ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਤੇ ਹੋਰ ਵੱਡੇ ਅਫਸਰਾਂ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਨਫਰੀ ਵੱਲੋਂ ਸੁਰੱਖਿਆ ਅਤੇ ਕਿਸਾਨਾਂ ਦਾ ਇਕੱਠ ਰੋਕਣ ਲਈ ਕਾਫੀ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ ਸੜਕ ਤੇ ਵੱਡੇ ਬੈਰੀਕਡ ਲਾਕੇ ਉਨਾਂ ਦੇ ਅੱਗੇ ਤਾਰ ਲਾਈ ਹੋਈ ਸੀ। ਇਸ ਤੋਂ ਬਿਨਾਂ ਦੰਗਾਕਾਰੀਆਂ ਨਾਲ ਨਿਪਟਣ ਵਾਲੇ ਦੰਗਾ ਵਿਰੋਧੀ ਦਸਤੇ , ਕਮਾਂਡੋ, ਲੇਡੀਜ਼ ਪੁਲਿਸ ਦੀਆਂ ਟੁਕੜੀਆਂ, ਜਲ ਤੋਪਾਂ,ਦੰਗਾ ਰੋਕੂ ਵਾਹਨ ਆਦਿ ਵੀ ਤਾਇਨਾਤ ਕੀਤੇ ਹੋਏ ਸਨ। ਇਸ ਦੌਰਾਨ ਜਿਵੇਂ ਹੀ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਮੌਕੇ ਤੇ ਪੁੱਜਿਆ ਤਾਂ ਪੁਲਿਸ ਨੇ ਉਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਮੌਕੇ ਹੋਈ ਤਕਰਾਰ ਦੇ ਬਾਵਜੂਦ ਜਦੋਂ ਪੁਲਿਸ ਅਫਸਰ ਟੱਸ ਤੋਂ ਮੱਸ ਨਾਂ ਹੋਏ ਤਾਂ ਕਿਸਾਨਾਂ ਨੇ ਜੋਰਦਾਰ ਹੱਲਾ ਬੋਲਿਆ ਤਾਂ ਕਿਸਾਨ ਬੈਰੀਕਡ ਆਦਿ ਹਟਾ ਕੇ ਅੱਗੇ ਵਧ ਗਏ ਤੇ ਬਾਦਲ ਪ੍ਰੀਵਾਰ ਦੀ ਰਿਹਾਇਸ਼ ਤੋਂ ਕੁੱਝ ਹੀ ਦੂਰੀ ਤੇ ਧਰਨਾ ਲਾ ਦਿੱਤਾ। ਉੱਜ ਇਹ ਵੀ ਚਰਚੇ ਹਨ ਕਿ ਪੰਜਾਬ ’ਚ ਕਾਂਗਰਸ ਹਕੂਮਤ ਹੋਣ ਕਰਕੇ ਪੁਲਿਸ ਨੇ ਬਹੁਤਾ ਜੋਰ ਨਹੀਂ ਲਾਇਆ ਜਦੋਂਕਿ ਗੱਠਜੋੜ ਸਰਕਾਰ ਦੌਰਾਨ ਤਾਂ ਅਫਸਰ ਕਿਸੇ ਨੂੰ ਬਾਦਲ ਨੇੜੇ ਨਹੀਂ ਢੁੱਕਣ ਦਿੰਦੇ ਸਨ।
ਦੂਜੇ ਪਾਸੇ ਹਜਾਰਾਂ ਦੀ ਤਾਦਾਦ ’ਚ ਇਕੱਠੇ ਹੋਏ ਕਿਸਾਨਾਂ ਨੂੰ ਜਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਕਾਰਜਕਾਰੀ ਸਬਾ ਜਰਨਲ ਸਕੱਤਰ ਹਰਿੰਦਰ ਬਿੰਦੂ, ਫਿਰੋਜਪੁਰ ਜਿਲੇ ਦੇ ਪ੍ਰਧਾਨ ਭਾਗ ਸਿੰਘ ਮਰਖਈ, ਫਰੀਦਕੋਟ ਜਿਲੇ ਦੇ ਪ੍ਰਧਾਨ ਨਿਰਮਲ ਸਿੰਘ ਜਿਉਣ ਵਾਲਾ,ਮਾਨਸਾ ਜਿਲੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸੰਬੋਧਨ ਕੀਤਾ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ, ਮੰਡੀਕਰਨ ਪ੍ਰਣਾਲੀ ਸਮੇਤ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ। ਉਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਇਸ ਪੰਜਾਬ ਵਿੱਚ ਕਿਸਾਨਾਂ ’ਚ ਬੇਯਕੀਨੀ ਵਾਲਾ ਮਹੌਲ ਰੋਹ ਪੈਦਾ ਕਰਕੇ ਅੱਗ ਨਾਲ ਖੇਡ ਰਹੀ ਹੈ ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਉਨਾਂ ਕਿਹਾ ਕਿ ਇਸ ਵੇਲੇ ਸਿਰਫ ਕਿਸਾਨਾਂ ਦਾ ਹੀ ਨਹੀਂ ਵਪਾਰੀਆਂ,ਮਜਦੂਰਾਂ ਅਤੇ ਹੋਰ ਵਰਗਾਂ ਦਾ ਵੱਡਾ ਨੁਕਸਾਨ ਹੋਣ ਦਾ ਖਤਰਾ ਖੜਾ ਹੋ ਗਿਆ ਹੈ। ਬੁਲਾਰਿਆ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਦੇ ਅਜਿਹੇ ਫ਼ੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਨ ਵਾਲੇ ਮੋਦੀ ਸਰਕਾਰ ਦੇ ਕਾਲੇ ਆਰਡੀਨੈਂਸਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਤ ਤੱਕ ਲੜਾਈ ਲੜੀ ਜਾਏਗੀ। ਕਿਸਾਨ ਆਗੂਆਂ ਨੇ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਸਮੇਤ ਭੂਮੀ-ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਰੱਦ ਕਰਨ, ਸ਼ਾਂਤਮਈ ਸੰਘਰਸ਼ਾਂ ਤੇ ਲਿਖਣ ਬੋਲਣ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲੇ ਝੂਠੇ ਕੇਸਾਂ ਵਿੱਚ ਨਜ਼ਰਬੰਦ ਬਜ਼ੁਰਗ ਕਵੀ ਵਰਵਰਾ ਰਾਓ, ਗੰਭੀਰ ਰੋਗੀ ਤੇ ਅੰਗਹੀਣ ਪ੍ਰੋ:ਸਾਂਈਂਬਾਬਾ ਸਮੇਤ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਸਭਨਾਂ ਦੀ ਬਿਨਾਂ ਸ਼ਰਤ ਰਿਹਾਾਈ, ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜਦੂਰਾਂ ਦੇ ਹਰ ਕਿਸਮ ਦੇ ਕਰਜੇ ਤੇ ਲੀਕ ਮਾਰਨ, ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜਦੂਰ ਪੱਖੀ ਬਨਾਉਣ, ਘਰ ਘਰ ਰੁਜਗਾਰ ਦਾ ਵਾਅਦਾ ਪੂਰਾ ਕਰਨ ਤੇ ਗੁਜ਼ਾਰੇਯੋਗ ਬੇਰੁਜਗਾਰੀ ਭੱਤਾ ਦੇਣ ਅਤੇ ਸਵੈ ਰੁਜਗਾਰ ਦੀ ਆੜ ਹੇਠ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਕਰਜੇ ਖਤਮ ਕਰਨ ਸਮੇਤ ਹੋਰ ਵੀ ਵੱਖ ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।