ਵੱਖ—ਵੱਖ ਵਿਭਾਗਾਂ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ : ਵਿਕਰਮਜੀਤ ਪਾਂਥੇ
ਮਾਲੇਰਕੋਟਲਾ, 15 ਸਤੰਬਰ (ਜਮੀਲ ਜੌੜਾ)
ਪੰਜਾਬ ਸਰਕਾਰ ਵੱਲੋ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਚਲਾਏ ਗਏ ਮਿਸ਼ਨ ਫ਼ਤਿਹ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸ੍ਰੀ ਰਾਮਵੀਰ, ਡਿਪਟੀ ਕਮਿਸ਼ਨਰ ਸੰਗਰੂਰ ਦੀ ਅਗਵਾਈ ਹੇਠ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਚਲਾਈ ਗਈ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਅੱਜ ਮਾਲ ਵਿਭਾਗ ਦੇ ਪਟਵਾਰੀਆਂ ਨੇ ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਪਾਂਥੇ ਨੂੰ ਭਰੋਸਾ ਦਿਵਾਇਆ ਕਿ ਉਹ ਕੋਰੋਨਾ ਮਹਾਂਮਾਰੀ ਨੂੰ ਜੜ੍ਹੋ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਅਤੇ ਆਮ ਲੋਕਾਂ ਵਿਚ ਫੈਲ ਰਹੀਆਂ ਅਫਵਾਹਾਂ ਸਬੰਧੀ ਉਨ੍ਹਾਂ ਨੂੰ ਜਾਗਰੂਕ ਕਰਦੇ ਹੋਏ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਅੱਜ ਪਟਵਾਰੀਆਂ ਦੇ ਵਫਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਆਪਣੇ ਪਟਵਾਰ ਹਲਕਿਆਂ ਵਿਚ ਪੈਂਦੇ ਪਿੰਡਾਂ ਵਿਚ ਵੱਧ ਤੋ ਵੱਧ ਲੋਕਾਂ ਨੂੰ ਅਫਵਾਹਾਂ ਤੋ ਸੁਚੇਤ ਰਹਿਣ ਸਬੰਧੀ ਜਾਗਰੂਕ ਕਰਦੇ ਹੋਏ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨਗੇ। ਸ੍ਰੀ ਪਾਂਥੇ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ ਅਤੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪੋਜ਼ਟਿਵ ਆ ਜਾਂਦਾ ਹੈ ਤਾਂ ਉਸ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਘਰ ਵਿਚ ਹੀ ਏਕਾਂਤਵਾਸ ਕੀਤਾ ਜਾਵੇਗਾ। ਸ੍ਰੀ ਪਾਂਥੇ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਪੋਜ਼ਟਿਵ ਮਰੀਜ਼ਾਂ ਦੇ ਕੰਟੈਕਟ ਵਿਚ ਆਏ ਵਿਅਕਤੀਆਂ ਦੀ ਸੈਂਪਲਿੰਗ ਨੂੰ ਯਕੀਨੀ ਬਣਾਉਣ ਲਈ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਸਿਹਤ ਵਿਭਾਗ ਤੋ ਇਲਾਵਾ ਜਿਥੇ ਸਿਵਲ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਉਪਰ ਬਿਲਕੁਲ ਵਿਸ਼ਵਾਸ ਨਾ ਕਰਨ ਅਤੇ ਉੁਨ੍ਹਾਂ ਦੇ ਏਰੀਏ ਵਿਚ ਆਉਣ ਵਾਲੀਆਂ ਸਿਹਤ ਵਿਭਾਗਾਂ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਪਟਵਾਰੀ ਦੀਦਾਰ ਸਿੰਘ ਛੋਕਰਾਂ, ਵਿਜੈਪਾਲ, ਅਜੈ ਕੁਮਾਰ, ਅਬਦੁਲ ਰਸ਼ੀਦ, ਕਰਮਜੀਤ ਸਿੰਘ, ਦੁਸ਼ਯੰਤ ਰਾਕਾ, ਚਮਕੌਰ ਸਿੰਘ, ਕਾਨੂੰਗੋ ਕੇਵਲ ਸਿੰਘ, ਕਾਨੂੰਗੋ ਹਾਕਮ ਸਿੰਘ, ਆਦਿ ਵੀ ਹਾਜ਼ਰ ਸਨ।