ਅਸ਼ੋਕ ਵਰਮਾ
ਬਠਿੰਡਾ,14 ਸਤੰਬਰ। ਕਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਸ਼ੋ੍ਰਮਣੀ ਅਕਾਲੀ ਦਲ ਦੇ ਬਠਿੰਡਾ (ਸ਼ਹਿਰੀ) ਦੇ ਸੀਨੀਅਰ ਆਗੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਐਡਵੋਕੇਟ ਭੁਪਿੰਦਰ ਸਿੰਘ ਪਿੱਥੋ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨਾਂ ਦੀਆਂ ਇਹ ਆਖਰੀ ਰਸਮਾਂ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਤੇ ਸ੍ਰੀ ਪਿੱਥੋ ਦੇ ਕੁੱਝ ਨੇੜਲੇ ਵਿਅਕਤੀਆਂ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦੀ ਅਗਵਾਈ ਹੇਠ ਸੰਸਥਾ ਦੇ ਵਲੰਟੀਅਰਾਂ ਕਮਲਜੀਤ ਸਿੰਘ ,ਸੁਖਪ੍ਰੀਤ ਸਿੰਘ, ਬਾਬੀ ਜੈਨੇਸ਼ ਜੈਨ ਅਤੇ ਰਕੇਸ਼ ਜਿੰਦਲ ਨੇ ਨਿਭਾਈਆਂ। ਵਲੰਟੀਅਰਾਂ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀਆਂ ਵਰਤੀਆਂ ਅਤੇ ਪੀਪੀ ਕਿੱਟਾਂ ਪਹਿਨੀਆਂ ਹੋਈਆਂ ਸਨ। ਸ੍ਰੀ ਪਿੱਥੋ ਪਿਛਲੇ ਛੇ ਦਿਨਾਂ ਤੋਂ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਸਨ ਜਿੱਥੇ ਰਾਤ ਵਕਤ ਉਨਾਂ ਦਾ ਦਿਹਾਂਤ ਹੋ ਗਿਆ ਸੀ।
ਦੱਸਣਯੋਗ ਹੈ ਕਿ ਐਡਵੋਕੇਟ ਭੁਪਿੰਦਰ ਸਿੰਘ ਪਿੱਥੋ ਦਾ ਸਿਆਸੀ ਅਤੇ ਸਮਾਜਿਕ ਹਲਕਿਆਂ ਤੋਂ ਇਲਾਵਾ ਬਾਰ ਐਸੋਸੀਏਸ਼ਨ ’ਚ ਕਾਫੀ ਮਾਨ ਸਨਮਾਨ ਸੀ। ਉਹ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਦਸੰਬਰ 2017 ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ’ਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕੁੱਝ ਸਮਾਂ ਬਾਅਦ ਐਡਵੋਕੇਟ ਪਿੱਥੋ ਨੇ ਵਾਪਿਸ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ ਸੀ। ਅੱਜ ਉਨਾਂ ਦੀ ਮੌਤ ਤੇ ਸਮੱਚੇ ਵਕੀਲ ਭਾਈਚਾਰੇ ’ਚ ਸੋਗ ਦਾ ਮਹੌਲ ਦੇਖਣ ਨੂੰ ਮਿਲਿਆ। ਬਠਿੰਡਾ ’ਚ ਵੀ ਅੱਜ ਉਨਾਂ ਦੀ ਮੌਤ ਕਾਰਨ ਮਹੌਲ ਗਮਗੀਨ ਰਿਹਾ। ਸ਼ਹਿਰ ਦੀਆਂ ਵੱਖ ਵੱਖ ਸਿਆਸੀ ਤੇ ਸਮਾਜਿਕ ਹਸਤੀਆਂ, ਵਕੀਲਾਂ,ਸਾਬਕਾ ਕੌਂਸਲਰਾਂ ਅਤੇ ਅਕਾਲੀ ਆਗੂਆਂ ਨੇ ਐਡਵੋਕੇਟ ਭੁਪਿੰਦਰ ਸਿੰਘ ਪਿੱਥੋ ਦੇ ਦਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪ੍ਰੀਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ।