ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ ।ਬਠਿੰਡਾ-ਬਾਦਲ ਸੜਕ ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਪਿਛਲੇ ਇਕ ਹਫ਼ਤੇ ਤੋਂ ਖ਼ੇਤੀ ਖੇਤਰ ਨੂੰ ਬਿਜਲੀ ਦੀ ਸਪਲਾਈ ਨਾ ਮਿਲਨ ਕਾਰਨ ਅੱਕੇ ਕਿਸਾਨਾਂ ਨੇ ਬਠਿੰਡਾ ਬਾਦਲ ਸੜਕ ਜਾਮ ਕਰ ਦਿੱਤੀ। ਕਿਸਾਨਾਂ ਵੱਲੋਂ ਅਚਾਨਕ ਬੋਲੇ ਹੱਲੇ ਕਾਰਨ ਪਾਵਰਕੌਮ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਕਿਸਾਨਾਂ ਦੀ ਸਮੱਸਿਆ ਸੁਣਨ ਲਈ ਆਏ ਐਸਡੀਓ ਸੰਗਤ ਇਕਬਾਲ ਸਿੰਘ ਨੂੰ ਕਿਸਾਨਾਂ ਨੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਭੜਕੇ ਕਿਸਾਨਾਂ ਨੇ ਜਬਰਦਸਤ ਨਾਅਰੇਬਾਜੀ ਕਰਕੇ ਭੜਾਸ ਕੱਢੀ। ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਮਗਜੇ ਮਾਰੇ ਸਨ। ਉਨਾਂ ਆਖਿਆ ਕਿ ਸਰਕਾਰੀ ਦਾਅਵਿਆਂ ਦੇ ਉਲਟ ਪਿੰਡ ਜੈ ਸਿੰਘ ਵਾਲਾ ’ਚ ਪਿਛਲੇ ਅੱਠ ਦਿਨਾਂ ਤੋਂ ਖ਼ੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮੋਟਰਾਂ ਦੇ ਬੰਦ ਰਹਿਣ ਕਾਰਨ ਕਿਸਾਨਾਂ ਦਾ ਝੋਨਾ ਸੁੱਕਣ ਕੰਢੇ ਪੁੱਜ ਗਿਆ ਹੈ।
ਸਾਬਕਾ ਸਰਪੰਚ ਨੇ ਕਿਹਾ ਕਿ ਇਸੇ ਕਾਰਨ ਕਿਸਾਨਾਂ ਨੇ ਅੱਕ ਕੇ ਸੜਕ ਜਾਮ ਕੀਤੀ ਹੈ। ਕਿਸਾਨਾਂ ਨੇ ਦੱਸਿਆ ਇਸ ਲਾਇਨ ਤੇ ਮਹਿਕਮੇ ਨੇ ਕੋਈ ਵੀ ਕਰਮਚਾਰੀ ਨਹੀਂ ਰੱਖਿਆ ਹੈ ਜੋ ਸਮੱਸਿਆ ਦਾ ਕਾਰਨ ਬਣਦਾ ਹੈ। ਉਨਾਂ ਆਖਿਆ ਕਿ ਅਕਸਰ ਕਿਸਾਨ ਖ਼ਰਾਬ ਹੋਣ ਦੀ ਸੂਰਤ ’ਚ ਆਪਣੇ ਪੱਲਿਓਂ ਪੈਸੇ ਲਗਾ ਕੇ ਪ੍ਰਾਈਵੇਟ ਵਿਅਕਤੀ ਤੋਂ ਲਾਇਨ ਠੀਕ ਕਰਵਾਉਂਦੇ ਹਨ। ਉਨਾਂ ਦੱਸਿਆ ਕਿ ਜਿੰਨਾਂ ਸਮਾਂ ਬਿਜਲੀ ਖਰਾਬ ਰਹਿੰਦੀ ਹੈ ਉਹ ਉਨਾਂ ਦੇ ਬਣਦੇ ਘੰਟੇ ਖ਼ਤਮ ਹੋਣ ਦਾ ਕਾਰਨ ਬਣਦੀ ਹੈ ਜਦੋਂਕਿ ਮਹਿਕਮਾ ਇਸ ਦੇ ਇਵਜ ’ਚ ਉਨਾਂ ਨੂੰ ਬਿਜਲੀ ਦੀ ਪੂਰਤੀ ਨਹੀਂ ਕਰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਗਈ ਕਿ ਸਪਲਾਈ ਖ਼ਰਾਬ ਹੋਣ ਕਾਰਨ ਉਨਾਂ ਦੇ ਜਿੰਨੇਂ ਬਿਜਲੀ ਦੇ ਘੰਟੇ ਬਕਾਇਆ ਰਹਿੰਦੇ ਹਨ ਉਨਾਂ ਨੂੰ ਦੇਣ ਦੇ ਨਾਲ-ਨਾਲ ਮਹਿਕਮਾ ਲਾਈਨ ਤੇ ਆਪਣਾ ਪੱਕਾ ਮੁਲਾਜ਼ਮ ਰੱਖੇ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾਂ ਕੀਤਾ ਤਾਂ ਸੰਘਰਸ਼ ਤੇਜ ਕੀਤਾ ਜਾਏਗਾ।
ਲਾਈਨ ’ਚ ਨੁਕਸ ਕਾਰਨ ਸਮੱਸਿਆ ਆਈ:ਐਸਡੀਓ
ਸਬ ਡਵੀਜਨ ਸੰਗਤ ਦੇ ਐੱਸ.ਡੀ.ਓ ਇਕਬਾਲ ਸਿੰਘ ਦਾ ਮਾਮਲੇ ਸਬੰਧੀ ਕਹਿਣਾ ਸੀ ਕਿ ਪਿਛਲੇ ਦੋ ਦਿਨਾਂ ਤੋਂ ਲਾਈਨ ’ਚ ਖਰਾਬੀ ਆ ਗਈ ਸੀ, ਜਿਸ ਕਾਰਨ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾ ਸਕੀ। ਉਨਾਂ ਦੱਸਿਆ ਕਿ ਕਿਸਾਨਾਂ ਦੀ ਜਿੰਨੀ ਵੀ ਬਿਜਲੀ ਬਕਾਇਆ ਰਹਿੰਦੀ ਹੈ ਉਹ ਵੀ ਲਾਈਨ ਠੀਕ ਹੋਣ ਤੇ ਦਿੱਤੀ ਜਾਵੇਗੀ। ਦੱਸਿਆ ਕਿ ਲਾਈਨ ਤੇ ਤਿੰਨ ਕਰਮਚਾਰੀ ਲੱਗੇ ਹੋਏ ਹਨ ਜਿੰਨਾਂ ਨੂੰ ਨੁਕਸ ਦਾ ਪਤਾ ਨਹੀਂ ਲੱਗਿਆ ਅਤੇ ਨਾਂ ਹੀ ਉਨਾਂ ਦੇ ਧਿਆਨ ’ਚ ਲਿਆਦਾ ਗਿਆ। ਉਨਾਂ ਆਖਿਆ ਕਿ ਸ਼ਾਮ ਤੱਕ ਨੁਕਸ ਦੂਰ ਕਰਕੇ ਕਿਸਾਨਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।