42 ਟੀਮਾਂ ਘਰ-ਘਰ ਜਾ ਕੇ ਲੈਣਗੀਆਂ ਪਰਿਵਾਰ ਦੇ ਹਰੇਕ ਜੀਅ ਦੀ ਸਾਰ
ਅੰਮ੍ਰਿਤਸਰ(ਰਾਜਿੰਦਰ ਰਿਖੀ)
ਅੰਮ੍ਰਿਤਸਰ ਸ਼ਹਿਰ ਦੇ ਉਹ ਇਲਾਕੇ ਜਿਸ ਵਿਚ ਕੋਵਿਡ 19 ਕਾਰਨ ਅਕਾਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ ਅਤੇ ਕਾਰਪੋਰੇਸ਼ਨ ਦੇ ਸਾਬਕਾ ਐਸ. ਈ. ਜਸਵਿੰਦਰ ਸਿੰਘ ਦੇ ਘਰ ਹਨ, ਵਿਚੋਂ ਵਾਇਰਸ ਪ੍ਰਭਾਵਿਤ ਲੋਕਾਂ ਦੀ ਸ਼ਨਾਖਤ ਤੇ ਇਲਾਜ ਲਈ ਜਿਲਾ ਪ੍ਰਸ਼ਾਸਨ ਨੇ ਘਰ-ਘਰ ਟੀਮਾਂ ਭੇਜ ਕੇ ਇਨਾਂ ਇਲਾਕਿਆਂ ਦੇ ਵਸਨੀਕਾਂ ਦੀ ਸਿਹਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਇਨਾਂ ਟੀਮਾਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਇਸ ਅਹਿਮ ਕੰਮ ਲਈ ਤੋਰਿਆ। ਸਕਰੀਨਿੰਗ ਦੇ ਪਹਿਲੇ ਪੜਾਅ ਲਈ ਚੁਣੇ ਗਏ ਇਲਾਕਿਆਂ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿਊ ਲਈ ਗਈਆਂ ਇਹ 42 ਟੀਮਾਂ 11000 ਦੇ ਕਰੀਬ ਘਰਾਂ ਦੀ ਜਾਂਚ ਕਰਨਗੀਆਂ ਅਤੇ ਇਸ ਵਿਚ ਤਿੰਨ ਦਿਨ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਕੋਸ਼ਿਸ਼ ਲਈ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਕਿਹਾ ਕਿ ਇਲਾਕੇ ਦੇ ਹਰੇਕ ਵਾਸੀ ਦੀ ਸਿਹਤ ਦੀ ਜਾਂਚ ਕਰਨ ਨਾਲ ਪ੍ਰਭਾਵਿਤ ਵਿਅਕਤੀ ਦਾ ਇਲਾਜ ਵੀ ਹੋ ਸਕੇਗਾ ਅਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਵੀ ਜਾ ਸਕੇਗਾ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਜੇਕਰ ਕਿਧਰੇ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਤੁਰੰਤ ਰੈਪਿਡ ਐਕਸ਼ਨ ਟੀਮ ਮਰੀਜ਼ ਨੂੰ ਟੈਸਟ ਲਈ ਲੈ ਜਾਵੇਗੀ। ਇਸ ਟੈਸਟ ਲਈ ਵੀ ਇੰਨਾਂ ਇਲਾਕਿਆਂ ਵਿਚ ਪੰਜ ਸਥਾਨ ਚੁਣੇ ਗਏ ਹਨ, ਜਿੱਥੇ ਕਿ ਟੈਸਟ ਵਾਲੀਆਂ ਟੀਮਾਂ ਬੈਠਣਗੀਆਂ।
ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਟੀਮ ਮੈਂਬਰਾਂ ਨੂੰ ਕੋਰੋਨਾ ਦੇ ਯੋਧੇ ਦੱਸਦੇ ਸਲੂਟ ਪੇਸ਼ ਕਰਦੇ ਕਿਹਾ ਕਿ ਤੁਹਾਡੇ ਨੇਕ ਕਾਰਜ ਨਾਲ ਇਨਾਂ ਇਲਾਕਿਆਂ ਵਿਚੋਂ ਕਈਆਂ ਦਾ ਭਲਾ ਹੋਵੇਗਾ। ਕਿਉਂਕਿ ਜੇਕਰ ਕੋਈ ਸ਼ੱਕੀ ਮਰੀਜ਼ ਮਿਲਿਆ ਤਾਂ ਉਸਦਾ ਟੈਸਟ ਹੋ ਸਕੇਗਾ ਅਤੇ ਜੇਕਰ ਟੈਸਟ ਹਾਂ ਵਿਚ ਆਇਆ ਤਾਂ ਉਸਦਾ ਇਲਾਜ ਹੋ ਸਕੇਗਾ। ਇਸ ਤੋਂ ਇਲਾਵਾ ਉਸਦੇ ਪਰਾਵਰ ਤੇ ਆਂਢ-ਗੁਆਂਢ ਵਿਚ ਵਾਇਰਸ ਨੂੰ ਫੈਲਣ ਤੋਂ ਰੋਕ ਸਕਾਂਗੇ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਉਕਤ ਟੀਮਾਂ ਨੂੰ ਹਰ ਤਰਾਂ ਦਾ ਸਾਥ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਇੰਨਾਂ ਟੀਮਾਂ ਦੀ ਰਿਪੋਰਟ ਅਨੁਸਾਰ ਜੇਕਰ ਕੋਈ ਪ੍ਰਭਾਵਿਤ ਮਰੀਜ਼ ਲੱਭਦਾ ਹੈ ਤਾਂ ਉਸ ਦਾ ਇਲਾਜ, ਇਕਾਂਤਵਾਸ ਆਦਿ ਦੇ ਪ੍ਰਬੰਧ ਨਾਲੋ-ਨਾਲ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਬਾਅਦ ਸ਼ਹਿਰ ਦੇ ਹੋਰ ਇਲਾਕੇ ਜਿੱਥੇ ਵੀ ਲੋੜ ਮਹਿਸੂਸ ਹੋਵੇਗੀ, ਵਿਖੇ ਟੀਮਾਂ ਭੇਜੀਆਂ ਜਾਣਗੀਆਂ ਅਤੇ ਇਹ ਕੰਮ ਵਾਇਰਸ ਦੇ ਖਾਤਮੇ ਤੱਕ ਜਾਰੀ ਰਹੇਗਾ।
ਫੋਟੋ-ਪ੍ਰਭਾਵਿਤ ਇਲਾਕਿਆਂ ਦੀ ਸਕਰੀਨਿੰਗ ਲਈ ਟੀਮਾਂ ਨੂੰ ਘਰ-ਘਰ ਤੋਰਨ ਮੌਕੇ ਸੰਸਦ ਮੈਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਹੋਰ।