ਮਾਮਲਾ ਨਾਬਾਲਗ ਨਾਲ ਜਬਰ-ਜਨਾਹ ਤੇ ਕਤਲ ਦਾ:
ਅਸ਼ੋਕ ਵਰਮਾ
ਬਠਿੰਡਾ 9 ਸਤੰਬਰ।ਲੰਬੀ ਥਾਣੇ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਲਾਕੇ ਦੇ ਇੱਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਉਸਦੀ ਵੀ ਡੀ ਓ ਵਾਇਰਲ ਕਰਨ ਵਾਲੇ ਜਗੀਰਦਾਰਾਂ ਤੇ ਮਜ਼ਦੂਰ ਕਾਕਾ ਰਾਮ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਦਿੱਤੇ ਜਾ ਰਹੇ ਦਿਨ ਰਾਤ ਦਾ ਚੱਲਦਾ ਧਰਨਾ 17 ਸਤੰਬਰ ਨੂੰ ਕੈਪਟਨ ਸਰਕਾਰ ਦੇ ਨੁਮਾਇੰਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਾਦਲ ਸਥਿਤ ਰਿਹਾਇਸ਼ ਅੱਗੇ ਧਰਨਾ ਦੇਣ ਦੇ ਐਲਾਨ ਨਾਲ ਸਮਾਪਤ ਕਰ ਦਿੱਤਾ ਗਿਆ। ਧਰਨੇ ਦੀ ਸਮਾਪਤੀ ਮੌਕੇ ਲੰਬੀ ਪਿੰਡ ‘ਚ ਵਿਸ਼ਾਲ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਰਥੀ ਫੂਕੀ ਗਈ। ਬੁਲਾਰਿਆਂ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਦੀ ਥਾਂ ਰਜਵਾੜਾਸ਼ਾਹੀ ਢੰਗ ਨਾਲ ਰਾਜ ਪ੍ਰਬੰਧ ਚਲਾਉਣ ਦੀ ਤਿੱਖੀ ਅਲੋਚਨਾ ਕੀਤੀ। ਉਹਨਾਂ ਆਖਿਆ ਕਿ ਜਿਸ ਮੁੱਖ ਮੰਤਰੀ ਦੇ ਪੁਰਖੇ ਸੈਂਕੜੇ ਰਾਣੀਆਂ ਰੱਖਦੇ ਰਹੇ ਹਨ ਉਸਨੂੰ ਦਲਿਤ ਔਰਤਾਂ ਦੀ ਇੱਜ਼ਤ ਦੀ ਕੀ ਪ੍ਰਵਾਹ ਹੋ ਸਕਦੀ ਹੈ। ਉਹਨਾਂ ਦੋਸ਼ ਲਾਇਆ ਕਿ ਸੂਬੇ ‘ਚ ਕਾਨੂੰਨ ਦੀ ਥਾਂ ਜੰਗਲ ਰਾਜ ਚੱਲ ਰਿਹਾ ਹੈ ਇਸੇ ਕਰਕੇ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਸਵਾ ਮਹੀਨਾ ਬੀਤਣ ਤੇ ਖਿਓਵਾਲੀ ‘ਚ ਮਜ਼ਦੂਰ ਨੂੰ ਕਤਲ ਕਰਨ ਦੇ 4 ਮਹੀਨਿਆਂ ਬਾਅਦ ਵੀ ਦੋਸ਼ੀ ਗਿ੍ਫ਼ਤਾਰ ਨਹੀਂ ਕੀਤੇ ਗਏ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੇ ਆਹਲਾ ਲੀਡਰਾਂ ਵੱਲੋਂ ਬਲਾਤਕਾਰ ਤੇ ਕਤਲ ਦੇ ਦੋਸ਼ੀਆ ਦੀ ਪੁਸ਼ਤ ਪਨਾਹੀ ਕੀਤੇ ਜਾਣ ਕਾਰਨ ਹੀ ਪੁਲਿਸ ਉਹਨਾਂ ਨੂੰ ਗਿਰਫ਼ਤਾਰ ਨਹੀਂ ਕਰ ਰਹੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਕਿ੍ਸ਼ਨਾ ਦੇਵੀ , ਗੁਰਮੇਲ ਕੌਰ ਤੇ ਤਾਰਾਵੰਤੀ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ , ਮਜ਼ਦੂਰ ਆਗੂ ਕਾਲਾ ਸਿੰਘ ਤੇ ਰਾਜਾ ਸਿੰਘ ਖੂਨਣ ਖ਼ੁਰਦ, ਕਾਕਾ ਸਿੰਘ ਖੁੰਡੇ ਹਲਾਲ ਅਤੇ ਕਾਲ਼ਾ ਸਿੰਘ ਸਿੰਘੇਵਾਲਾ ਨੇ ਸੰਬੋਧਨ ਕੀਤਾ।