ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ। ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਲੰਬੀ ਇਲਾਕੇ ਦੇ ਇੱਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮੁਲਜਮਾਂ ਤੇ ਖਿਓਵਾਲੀ ਦੇ ਮਜਦੂਰ ਕਾਕਾ ਰਾਮ ਦੇ ਕਾਤਲਾਂ ਦੀ ਗਿ੍ਰਫਤਾਰੀ ਲਈ ਲੰਬੀ ਥਾਣੇ ਅੱਗੇ ਕੱਲ ਤੋਂ ਸੁਰੂ ਕੀਤਾ ਦਿਨ ਰਾਤ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਪ੍ਰੈਸ ਨੂੰ ਦੱਸਿਆ ਕਿ ਥਾਣੇ ਅੱਗੇ ਧਰਨੇ ਦੇ ਨਾਲ-ਨਾਲ ਇਲਾਕੇ ਦੇ ਪਿੰਡ ਕਿੱਲਿਆਂਵਾਲੀ, ਵੜਿੰਗ ਖੇੜਾ, ਖਿਓਵਾਲੀ , ਮਹਿਣਾ ਤੇ ਖੁੱਡੀਆਂ ਵਿੱਚ ਮੀਟਿੰਗਾਂ ਤੇ ਰੈਲੀਆਂ ਵੀ ਕੀਤੀਆਂ ਗਈਆਂ। ਧਰਨੇ ਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਅੱਜ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ‘ਨੰਨੀਂ ਛਾਂ’ ਮੁਹਿੰਮ ਨੂੰ ਡਰਾਮਾ ਕਰਾਰ ਦਿੱਤਾ।
ਆਗੂਆਂ ਨੇ ਕਿਹਾ ਕਿ ਬੀਬੀ ਬਾਦਲ ਵੱਲੋਂ ਚਲਾਈ ਜਾ ਰਹੀ “ ਨੰਨੀ ਛਾਂ ਮੁਹਿੰਮ “ ਨਿਰਾ ਪਾਖੰਡ ਤੇ ਔਰਤਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਥਿਆ ਕੇ ਗੱਦੀ ਸੰਭਾਲਣ ਦੀ ਹੀ ਚਾਲ ਹੈ ਕਿਉਂਕਿ ਬੀਬੀ ਬਾਦਲ ਦੇ ਗੁਆਂਢੀ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਉਹਨਾਂ ਨੇ ਇਸ ਕਰਕੇ ਚੁੱਪ ਧਾਰੀ ਹੋਈ ਹੈ ਜਿਸ ਦਾ ਕਾਰਨ ਮੁਲਜਮਾਂ ਦੀ ਹੁਕਮਰਾਨ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਬਾਦਲ ਪਰਿਵਾਰ ਨਾਲ ਵੀ ਜਾਤੀ ,ਜਮਾਤੀ ਤੇ ਸਿਆਸੀ ਸਾਂਝ ਹੈ। ਉਹਨਾਂ ਦੋਸ਼ ਲਾਇਆ ਕਿ ਪੀੜਤ ਪਰਿਵਾਰ ਦੇ ਦਲਿਤ ਤੇ ਬੇਜਮੀਨਾ ਹੋਣ ਕਾਰਨ ਹੀ ਪੁਲਿਸ ਅਧਿਕਾਰੀ ਉਸਨੂੰ ਇਨਸਾਫ ਦੇਣ ਦੀ ਥਾਂ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹਨ।
ਉਹਨਾਂ ਮੰਗ ਕੀਤੀ ਕਿ ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਉਸਦੀ ਵੀਡੀਓ ਵਾਇਰਲ ਕਰਨ ਦੇ ਮੁਲਜਮ ਸਮੇਤ ਸਾਰੇ ਮੁਲਜਮਾਂ ਨੂੰ ਗਿਰਫਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਪਿੰਡੋਂ ਉਜਾੜ ਦੇਣ ਦੀਆਂ ਧਮਕੀਆਂ ਦੇਣ ਵਾਲੇ ਮੁਲਜਮ ਦੇ ਚਾਚੇ ‘ਤੇ ਐਸ. ਸੀ./ ਐਸ .ਟੀ .ਐਕਟ ਤਹਿਤ ਕੇਸ ਦਰਜ ਕੀਤਾ ਜਾਵੇ, ਦੋਸੀਆਂ ਦੀ ਪੁਸਤ ਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਖਿਓਵਾਲੀ ‘ਚ ਮਜਦੂਰ ਕਾਕਾ ਰਾਮ ਦੇ ਕਾਤਲਾਂ ਨੂੰ ਗਿ੍ਰਫਤਾਰ ਕੀਤਾ ਜਾਵੇ। ਧਰਨੇ ਤੇ ਪਿੰਡਾਂ ‘ਚ ਜੁੜੇ ਇਕੱਠਾਂ ਨੂੰ ਯੂਨੀਅਨ ਦੇ ਆਗੂ ਰਾਜਾ ਸਿੰਘ, ਕਾਲਾ ਸਿੰਘ, ਜਸਵੰਤ ਰਾਏ, ਰਾਮਪਾਲ ਸਿੰਘ, ਗੁਰਮੇਲ ਕੌਰ ਤੇ ਤਾਰਾਵੰਤੀ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੁਰਦੀਪ ਸਿੰਘ ਖੁੱਡੀਆਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਲੰਬੀ ਧਰਨਾ ਬਣਿਆਂ ਪੀੜਤਾਂ ਦੀ ਵਿਥਿਆ ਦਾ ਗਵਾਹ
ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਲੰਬੀ ਥਾਣੇ ਅੱਗੇ ਲੱਗੇ ਧਰਨੇ ਚ ਪੁਲਿਸ ਤੇ ਗੈਰ ਸਮਾਜਿਕ ਤੱਤਾਂ ਦੀਆਂ ਜਿਆਦਤੀਆਂ ਦਾ ਸ਼ਿਕਾਰ ਮਜਦੂਰ ਆਪਣੀਆਂ ਸਕਾਇਤਾਂ ਲੈਕੇ ਧਰਨਾਕਾਰੀਆਂ ਕੋਲ ਪੁੱਜਣੇ ਸੁਰੂ ਹੋ ਗਏ ਹਨ। ਪਿੰਡ ਖੁੱਡੀਆਂ ਚ ਇੱਕ ਮਜਦੂਰ ਦੀਆਂ ਬੱਕਰੀਆਂ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ, ਇਸੇ ਪਿੰਡ ਦੇ ਇੱਕ ਦਲਿਤ ਪਰਿਵਾਰ ਦੀ ਔਰਤ ਦੇ ਗੁੰਮ ਹੋਣ ਦੀ ਮਨ ਘੜਤ ਕਹਾਣੀ ਬਣਾਉਣ ਰਾਹੀਂ ਪਰਿਵਾਰ ਨੂੰ ਗੁੰਮਰਾਹ ਕਰਕੇ ਇੱਕ ਸਾਲ ਤੋਂ ਆਪਣੇ ਘਰ ਰੱਖਣ ਵਾਲੇ ਉੱਚ ਜਾਤੀ ਵਿਅਕਤੀ ਖਿਲਾਫ ਪੁਲਿਸ ਵੱਲੋਂ ਕਾਰਵਾਈ ਤੋਂ ਟਾਲਾ ਵੱਟਣ ਅਤੇ ਮੰਡੀ ਕਿੱਲਿਆਂਵਾਲੀ ਤੋਂ ਇੱਕ ਦੁਕਾਨਦਾਰ ਨਾਲ ਦੁਕਾਨ ਮਾਲਕ ਵੱਲੋਂ ਦੁਰ ਵਿਹਾਰ ਕਰਕੇ ਧੱਕੇ ਨਾਲ ਦੁਕਾਨ ਖਾਲੀ ਕਰਾਉਣ ਸਬੰਧੀ ਕੀਤੀ ਸ਼ਿਕਾਇਤ ‘ਤੇ ਪੁਲਿਸ ਕਾਰਵਾਈ ਨਾ ਕਰਨ ਵਰਗੇ ਮਾਮਲੇ ਪੁੱਜੇ ਹਨ।