ਮੋਗਾ (ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸ਼ੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਰੋਨਾ ਵਾਈਰਸ ਦੀ ਸਥਿਤੀ ਨਾਲ ਨਜਿੱਠਣ ਲਈ ਕਰਫਿਊ ਲਗਾਇਆ ਗਿਆ ਹੈ, ਹਾੜੀ ਸੀਜ਼ਨ 2020-21 ਦੌਰਾਨ ਕਣਕ ਦੀ ਫ਼ਸਲ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਲਗਭਗ 20 ਅਪ੍ਰੈਲ 2020 ਤੱਕ ਆਉਣੀ ਸ਼ੁਰੂ ਹੋ ਜਾਵੇਗੀ। ਇਸ ਲਈ ਕਿਸਾਨਾਂ ਦੀ ਜਿਣਸ ਸਬੰਧੀ ਪ੍ਰਬੰਧ ਕਰਨ ਲਈ ਆੜ੍ਹਤੀਆਂ ਦਾ ਆਪਣੀਆਂ ਦੁਕਾਨਾਂ ਨੂੰ ਖੋਲ੍ਹਣਾ ਜਰੂਰੀ ਹੈ।
ਇਸ ਲਈ ਜਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਵੱਲੋ ਕਿਸਾਨਾਂ ਦੀ ਫਸਲ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਆੜ੍ਹਤੀਆਂ ਨੂੰ 11 ਅਪ੍ਰੈਲ ਤੋ 14 ਅਪ੍ਰੈਲ ਤੱਕ ਸਵੇਰੇ 10 ਤੋ ਦੁਪਹਿਰ 12 ਵਜੇ ਤੱਕ ਅਤੇ 15 ਅਪ੍ਰੈਲ 2020 ਤੋ ਹਾੜ੍ਹੀ ਸੀਜ਼ਨ ਸ਼ੁਰੂ ਹੋਣ ਤੇ ਪੂਰਾ ਦਿਨ ਪੰਜਾਬ ਸਰਕਾਰ ਅਤੇ ਸਹਿਤ ਵਿਭਾਗ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਆੜ੍ਹਤ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰ਼ੇਟ ਨੇ ਦੱਸਿਆ ਕਿ ਇਹ ਆੜ੍ਹਤੀਏ ਆਪਣੀ ਆੜ੍ਹਤ ਦੀਆਂ ਦੁਕਾਨਾਂ ਤੇ ਆਪ ਅਤੇ ਆਪਣੇ ਮੁਲਾਜ਼ਮਾਂ ਦੇ ਕੰਮ ਕਰਦੇ ਸਮੇ ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣ ਨੂੰ ਯਕੀਨੀ ਬਣਾਉਗੇ। ਉਨ੍ਹਾਂ ਕਿਹਾ ਕਿ ਆੜਤੀਏ ਆਪਣੀਆਂ ਦੁਕਾਨਾਂ ਤੇ ਹੈਡ ਸੈਨੇਟਾਈਜ਼ਰ, ਮਾਸਕ, ਗਲਵਜ ਦੀ ਵਰਤੋ ਕਰਨਾ ਯਕੀਨੀ ਬਣਾਉਣਗੇ ਅਤੇ ਸਮਾਜਿਕ ਦੂਰੀ ਬਣਾਈ ਰੱਖਣਗੇ। ਇਹ ਆੜ੍ਹਤੀਏ ਆਪਣੀ ਆੜ੍ਹਤੀਆਂ ਦੀਆਂ ਦੁਕਾਨਾਂ ਤੇ ਆਉਣ ਵਾਲੇ ਕਿਸਾਨਾਂ ਨੂੰ ਵੀ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਵਰਤਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਆੜ੍ਹਤੀਏ ਆਪਣੀਆਂ ਦੁਕਾਨਾਂ ਤੇ ਕਿਸਾਨਾਂ ਦਾ ਇਕੱਠ ਨਹੀ ਹੋਣ ਦੇਣਗੇ ਤਾਂ ਜੋ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ। ਇਹ ਆੜ੍ਹਤੀਏ ਪੰਜਾਬ ਮੰਡੀ ਬੋਰਡ ਵੱਲੋ ਕਣਕ ਦੀ ਖ੍ਰੀਦ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨਗੇ।