10.8 C
United Kingdom
Thursday, May 9, 2024

More

    ਪ੍ਰਗਟ ਸਤੌਜ ਦੇ ਨਾਵਲ “ਤੀਵੀਂਆਂ” ਦੀ ਗੱਲ ਕਰਦਿਆਂ…..

    ਪਰਗਟ ਸਿੰਘ ਸਤੌਜ ਦਾ ਨਾਵਲ ਤੀਵੀਆਂ ਪੜ੍ਹ ਕੇ ਉਹ ਸਾਰੀਆਂ ਔਰਤਾਂ ਸਾਹਮਣੇ ਆ ਖੜੀਆਂ ਜਿਹਨਾਂ ਨੂੰ ਸੰਤਾਪ ਭੋਗਦੇ ਦੇਖਿਆ ਜਾਂ ਜਿੰਨ੍ਹਾਂ ਬਾਰੇ ਸੁਣਿਆ ਸੀ। ਨਾਵਲ ਦੇ ਪਾਤਰ ਸਾਡੇ ਇਰਦ ਗਿਰਦ ਵੀ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਸਮਝਦੇ ਹੀ ਨਹੀਂ ਪਰ ਨਾਵਲ ਪੜ੍ਹ ਕੇ ਉਹ ਸਾਰੀਆਂ ਔਰਤਾਂ ਦੇ ਉਦਾਸ ਜਿਹੇ ਚਿਹਰੇ ਯਾਦ ਆ ਗਏ।
    ਬਚਪਨ ਵਿੱਚ ਇੱਕ ਔਰਤ ਨੂੰ ਸਕੂਲ ਜਾਂਦੇ ਸਮੇਂ ਹਮੇਸ਼ਾ ਕੰਮਾਂ ਚ ਰੁੱਝੀ ਦੇਖਿਆ ਤੇ ਇੱਕ ਦਿਨ ਕਿਸੇ ਨੇ ਦੱਸਿਆ ਕਿ ਇਹ ਮੁੱਲ ਖਰੀਦੀ ਹੈ। ਉਦੋਂ ਇੰਨੀ ਸਮਝ ਨਹੀਂ ਸੀ। ਉਹ ਸਾਡੇ ਪਿੰਡ ਵਿੱਚ ਹੀ ਤਿੰਨ ਘਰਾਂ ਚ ਰਹੀ। ਔਰਤਾਂ ਕਿਵੇਂ ਇੱਕ ਘਰ ਨੂੰ ਘਰ ਬਣਾਉਂਦੀਆਂ ਨੇ ਇਕ ਦਿਨ ਮਾਲਕ ਕਿਤੇ ਹੋਰ ਵੇਚ ਦਿੰਦਾ। ਕਿੰਨਾ ਦੁਖਦਾਇਕ ਹੁੰਦਾ ਇਕ ਪਿੰਡ ਵਿਚ ਹੀ ਤਿੰਨ ਚਾਰ ਘਰਾਂ ਚ ਰਹਿਣਾ ਤੇ ਉਹਦੇ ਨਿਆਣੇ ਉਹਨੂੰ ਨਹੀਂ ਮਿਲ ਸਕਦੇ। ਇੱਕ ਹੋਰ ਔਰਤ ਸਾਡੇ ਪਿੰਡ ਦਾ ਹੀ ਇੱਕ ਟਰੱਕ ਡਰਾਈਵਰ ਲਿਆਇਆ ਉਹਨੂੰ ਉਹ ਹਰ ਰੋਜ਼ ਮਾਰਦਾ ਕੁੱਟਦਾ। ਉਹ ਪਿੰਡ ਦੇ ਮੋਹਤਬਰਾਂ ਕੋਲ ਜਾਂਦੀ ਪਰ ਕਿਤੇ ਨਾ ਸੁਣੀ ਜਾਂਦੀ ਫੇਰ ਇੱਕ ਦਿਨ ਗੱਲ ਉੱਡ ਗਈ ਕਿ ਉਹ ਭੱਜ ਗਈ।
    ਇਹੋ ਜਿਹੀ ਇੱਕ ਪਾਤਰ ਬਾਰੇ ਦਾਦੀ ਤੋਂ ਸੁਣਿਆ। ਗੋਦਾਵਰੀ ਨਾਂ ਦੀ ਇਹ ਔਰਤ ਪਿੰਡ ਵਿੱਚ ਹੀ ਤਿੰਨ ਘਰਾਂ ਚ ਵਿਕੀ ਫੇਰ ਨਾਲ ਦੇ ਕਿਸੇ ਸ਼ਹਿਰ ਚ ਵਿਕ ਕੇ ਚਲੀ ਗਈ। ਬੇਜੀ ਨੇ ਦੱਸਿਆ ਕਿ ਉਹਨੂੰ ਸਾਰੇ ਪੂਰਬਣੀ ਕਹਿੰਦੇ ਸਨ ਸ਼ਰਾਬ ਪੀਣ ਦੀ ਆਦੀ ਹੋਣ ਕਰਕੇ ਉਹਨੂੰ ਵੇਚ ਦਿੰਦਾ ਜਾਂਦਾ ਸੀ। ਕੀ ਇਹ ਐਬ ਘਰ ਚ ਹਮੇਸ਼ਾ ਲਈ ਰੱਖਣ ਲੱਗਿਆਂ ਦਿੱਸਦਾ ਸੀ ਬੱਚੇ ਪੈਦਾ ਕਰਨ ਵੇਲੇ ਨਹੀਂ?
    ਇੱਕ ਬਜ਼ੁਰਗ ਔਰਤ ਜੀਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਿਆ ਸੀ ਉਹ ਸਾਡੇ ਪਿੰਡ ਦੀ ਹੀ ਮੁਸਲਮਾਨਾਂ ਦੀ ਕੁੜੀ ਸੀ ਤੇ ਉਹਨੂੰ ਪਿੰਡ ਵਿੱਚ ਹੀ ਕਿਸੇ ਨੇ ਚੁੱਕ ਲਿਆਂਦਾ ਸੀ ਉਹ ਅੰਮ੍ਰਿਤ ਛੱਕ ਕੇ ਸੁਰਜੀਤ ਕੌਰ ਬਣ ਗਈ ਸੀ ਆਪਣਾ ਪਹਿਲਾ ਨਾਂ ਸਿਰਫ ਉਹ ਹੀ ਜਾਣਦੀ ਸੀ। ਨੱਬੇ ਸਾਲ ਦੀ ਉਮਰ ਤੱਕ ਵੀ ਜਦੋਂ ਕੋਈ ਉਹਦੀ ਗੱਲ ਕਰਦਾ ਤਾਂ ਮੁਸਲੀ ਕਹਿ ਕੇ ਹੀ ਕਰਦਾ। ਇਵੇਂ ਹੀ ਇੱਕ ਹੋਰ ਘਟਨਾ ਨਾਲ ਦੇ ਪਿੰਡ ਵਿੱਚ ਵੀ ਇੱਕ ਮੁਸਲਮਾਨ ਔਰਤ ਜਿਸਨੇ ਅੰਮ੍ਰਿਤ ਪਾਨ ਕਰ ਲਿਆ ਸੀ। ਮੈਂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕਹਿੰਦਿਆਂ ਸੁਣਿਆ ਕਿ ਇਹ ਆਪਣੇ ਆਪ ਨੂੰ ਖਾਨਦਾਨੀ ਸਮਝਦੇ ਨੇ ਪਰ ਇਹਨਾਂ ਦੀ ਦਾਦੀ ਤਾਂ ਮੁਸਲਮਾਨ ਸੀ। ਇਹ ਗੱਲ ਇਸ ਕਰਕੇ ਨਹੀਂ ਕੀਤੀ ਗਈ ਸੀ ਕਿ ਮੁਸਲਮਾਨ ਔਰਤ ਨੂੰ ਚੱਕਣ ਵਾਲੇ ਬੇਗੈਰਤ ਨੇ ਸਗੋਂ ਇਸ ਕਰਕੇ ਕਿਸੇ ਹੋਰ ਧਰਮ ਦੀ ਔਰਤ ਨਾਲ ਖਾਨਦਾਨ ਨੂੰ ਧੱਬਾ ਲੱਗ ਗਿਆ।
    ਇਹੋ ਜਿਹੀਆਂ ਔਰਤਾਂ ਬਾਰੇ ਸੋਚ ਕੇ ਹੀ ਮਨ ਭਰ ਜਾਂਦਾ ਜਿੰਨ੍ਹਾਂ ਨੇ ਅਜਿਹੀਆਂ ਜ਼ਿੰਦਗੀਆਂ ਗੁਜ਼ਾਰੀਆਂ ਉਹਨਾਂ ਤੇ ਕੀ ਬੀਤਦੀ ਹੋਣੀ। ਇੱਕ ਘਰ ਬਣਾਉਂਦੀਆਂ ਨੇ ਬੱਚੇ ਪੈਦਾ ਕਰਦੀਆਂ ਨੇ ਮੋਹ ਪੈ ਜਾਣ ਤੋਂ ਬਾਅਦ ਜ਼ਬਰਦਸਤੀ ਕਿਤੇ ਵੇਚ ਦਿੱਤਾ ਜਾਂਦਾ। ਔਰਤ ਦੀਆਂ ਭਾਵਨਾਵਾਂ ਨੂੰ ਕੁਚਲ ਦਿੱਤਾ ਜਾਂਦਾ ਮਰਦ ਨੂੰ ਲੱਗਦਾ ਕਿ ਔਰਤ ਮਹਿਸੂਸ ਹੀ ਨਹੀਂ ਕਰਦੀ।

    ਰਮਨ ਸੰਧੂ ਦਾ ਇੱਕ ਸ਼ਿਅਰ ਹੈ
    ਉਦੇ ਵਿੱਚ ਦਿਲ ਵੀ ਹੈ, ਜਜ਼ਬਾਤ ਵੀ, ਅਹਿਸਾਸ ਵੀ, ਰੂਹ ਵੀ
    ਮਰਦ ਜਾਤੇ! ਕੋਈ ਔਰਤ, ਮਹਿਜ਼ ਇਕ ‘ਜਿਸਮ’ ਨਹੀਂ ਹੁੰਦਾ।

    ਕੱਲ੍ਹ ਹੀ ਨਾਵਲ ਪੜ੍ਹਿਆ ਤੇ ਕੱਲ੍ਹ ਹੀ ਇੱਕ ਦੋਸਤ ਦਾ ਫੋਨ ਆਇਆ ਕਹਿੰਦੀ “ਔਰਤ ਦਾ ਘਰ ਕਿਹੜਾ” ਇਸ ਵਿਸ਼ੇ ਤੇ ਇੱਕ ਮਿੰਟ ਦੀ ਵੀਡੀਓ ਬਣਾ ਕੇ ਭੇਜ ਪੇਜ਼ ਤੇ ਪਾਉਣੀ ਹੈ। ਮੈਂ ਉਹਨੂੰ ਕਿਹਾ ਕਿ ਪਹਿਲਾਂ ਇਹ ਨਾਵਲ ਪੜ ਫੇਰ ਵੀਡੀਓ ਬਣਾਇਓ। ਅਸੀਂ ਕੋਈ ਵੀ ਕੁਝ ਨਹੀਂ ਕਰ ਰਹੇ ਸਿਰਫ ਗੱਲਾਂ ਜਾਂ ਸੈਮੀਨਾਰ ਕਰਦੇ ਹਾਂ। ਜੇ ਤੁਹਾਡੇ ਆਲੇ ਦੁਆਲੇ ਇਹੋ ਜਿਹੀਆਂ ਸਮਾਜ ਵੱਲੋਂ ਨਕਾਰ ਦਿੱਤੀਆਂ ਗਈਆਂ ਔਰਤਾਂ ਹਨ ਅਸੀਂ ਜੇ ਕੋਈ ਹੋਰ ਮੱਦਦ ਨਹੀਂ ਕਰ ਸਕਦੇ ਤਾਂ ਉਹਨਾਂ ਨਾਲ ਹਮਦਰਦੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ।

    ਗੁਰਪ੍ਰੀਤ ਕੌਰ ਖ਼ਾਨੀ

    PUNJ DARYA

    Leave a Reply

    Latest Posts

    error: Content is protected !!