10.8 C
United Kingdom
Monday, May 20, 2024

More

    ਮਹਿਕਣ ਵੇਲੇ

    ਰਜਨੀ ਵਾਲੀਆ, ਕਪੂਰਥਲਾ
    ਮਹਿਕਣ ਵੇਲੇ ਜਿੱਦਾਂ ਫੁੱਲ ਖੁਸ਼ਬੋ ਦੇਂਦੇ ਨੇ,
    ਬਲਣ ਦੇ ਮਗਰੋਂ ਦੀਵੇ ਵੀ ਤਾਂ ਲੋਅ ਦੇਂਦੇ ਨੇਂ |

    ਦੁੱਖ ਹਿਜਰ ਦਾ ਖਾ ਜਾਂਦਾ ਏ ਧੁਰ ਅੰਦਰ ਨੂੰ,
    ਦਰਦ ਜਣੇ ਨਾਸੂਰ ਰੂਹ ਨੂੰ ਵੀ ਕੋਹ ਦੇਂਦੇ ਨੇਂ |

    ਦਿਲ ਚੋਂ ਟੀਸ ਜਦੋਂ ਵੀ ਉੱਠ-ਉੱਠ ਬਹਿੰਦੀ ਏ,
    ਫੇਰ ਤਾਂ ਨੈਣ ਵਿਚਾਰੇ ਵੀ ਮੇਰੇ ਰੋ ਦੇਂਦੇ ਨੇਂ |

    ਸਾਹਵਾਂ ਦੇ ਧਾਗੇ ਵਿੱਚ ਪੀੜ ਦੀ ਸੂਈ ਨਾਲ,
    ਗਮ ਰਾਤ ਦੇ ਵਿੱਚ ਹਨੇਰੇ ਹੰਝ ਪਰੋ ਦੇਂਦੇ ਨੇਂ |

    ਕਿੱਥੇ ਲੱਗੀ ਏ ਅੱਗ ਤੇ ਕਿੱਦਾਂ ਬੁਝਣੀਂ ਏ,
    ਮੰਨਦੇ ਨਹੀਂ ਸਕੂਨ ਪਤਾ ਨਾ ਥਹੁ ਦੇਂਦੇ ਨੇਂ |

    ਜਦ-ਜਦ ਵੀ ਮੈਂ ਦਿਲ ਛੱਡ-ਛੱਡ ਕੇ ਰੋਂਦੀ ਹਾਂ,
    ਦੁੱਖ ਦੇਵਣ ਬੈਠ ਸਲਾਹਵਾਂ ਕਦੀ ਖਲੋ ਦੇਂਦੇ ਨੇਂ |

    ਜੀਵਨ ਦੇ ਵਿੱਚ ਦੁੱਖ-ਸੁੱਖ ਤਾਂ ਆਉਂਦੇ ਈ ਨੇਂ,
    ਦੁੱਖ ਜੇ ਦੇਵਣ ਗਮ ਤਾਂ ਸੁੱਖ ਵੀ ਮੋਹ ਦੇਂਦੇ ਨੇਂ |

    ਸੁਪਨਾ ਕਰਨਾ ਸਾਕਾਰ ਹੈ ਮੰਜਿ਼ਲ ਜਿੰਦਗੀ ਦੀ,
    ਟੁੱਟਕੇ ਨੀਂਦ ਚ ਅਾਏ ਸੁਪਨੇ ਅੱਖ ਚੁਭੋ ਦੇਂਦੇ ਨੇਂ |

    ਇੱਕ ਤਾਂ ਸਹਿਣ ਨਾ ਹੋਵੇ ਦੁੱਖ ਮੇਰੀ ਰੂਹ ਕੋਲੋਂ,
    ਉੱਪਰੋਂ ਹੰਝ ਵਗ-ਵਗ ਕੇ ਮੁੱਖੜਾ ਧੋ ਦੇਂਦੇ ਨੇਂ |

    ਆਪਣੇਂ ਹੀ ਤਾਂ ਮਾਰਨ ਵਿੱਚ ਮਝਧਾਰਾਂ ਦੇ,
    ਮੈਂ ਸੱਚ ਆਖਾਂ ਤਾਂ ਧੋਖਾ ਗੈਰ ਕਦੋਂ ਦੇਂਦੇ ਨੇਂ |

    ਤੂੰ ਰਜਨੀ ਕਰ ਇਤਬਾਰ ਜ਼ਮਾਨਾ ਮਾੜਾ ਨਹੀਂ,
    ਪਰ ਮਾੜੇ ਹੋਵਣ ਓ ਜੋ ਬੂਹੇ ਢੋਅ ਦੇਂਦੇ ਨੇਂ |

    PUNJ DARYA

    Leave a Reply

    Latest Posts

    error: Content is protected !!