ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਦੇ ਲਾਗ ਦੀ ਰਫਤਾਰ ਅਜੇ ਵੀ ਘੱਟ ਨਹੀ ਹੋ ਰਹੀ ਹੈ। ਹੁਣ ਬਰਮਿੰਘਮ ਦੇ ਇੱਕ ਹੋਸਟਲ ਵਿੱਚ 56 ਪਨਾਹ ਮੰਗਣ ਵਾਲਿਆਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੈ। ਜਿਸ ਤੋਂ ਬਾਅਦ ਪੀੜਤਾਂ ਨੂੰ ਹੋਸਟਲ ਤੋਂ ਬਾਹਰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਹੈ। ਵੈਸਟ ਮਿਡਲੈਂਡਜ਼ ਕੰਬਾਈਂਡ ਅਥਾਰਟੀ (ਡਬਲਯੂ ਐਮ ਸੀ ਏ) ਦੇ ਨੇਤਾ ਇਯਾਨ ਵਾਰਡ ਨੇ 4 ਸਤੰਬਰ ਨੂੰ ਸੰਬੋਧਨ ਕਰਦਿਆਂ ਪੁਸ਼ਟੀ ਕੀਤੀ ਕਿ ਐਜਬੈਸਟਨ ਸਟੋਨ ਰੋਡ ਦੇ ਹੋਸਟਲ ਵਿੱਚ ਕਈ ਵਸਨੀਕਾਂ ਨੂੰ ਕੋਵਿਡ -19 ਪ੍ਰਭਾਵਿਤ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਕਾਉਂਸਲ ਹੁਣ ਹੋਰ ਵਸਨੀਕਾਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਦਫਤਰ ਅਤੇ ਪਬਲਿਕ ਹੈਲਥ ਇੰਗਲੈਂਡ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਇਹ ਹੋਸਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੀੜਤਾਂ ਨੂੰ ਬਦਲਵੀਂ ਰਿਹਾਇਸ਼ ਵਿੱਚ ਭੇਜਿਆ ਗਿਆ ਹੈ ਜਿੱਥੇ ਉਹ ਇਕਾਂਤਵਾਸ ਵਿੱਚ ਹਨ ਅਤੇ ਉਹਨਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।