4.2 C
United Kingdom
Saturday, March 7, 2026

More

    ਆਸਟ੍ਰੇਲਿਆ : ਕੋਵਿਡ-19 ਕਾਰਨ ਪਾਰਟਨਰ ਵੀਜ਼ਾ ਅਰਜ਼ੀਆਂ ‘ਚ ਦੇਰੀ

    ਤਕਰੀਬਨ 100,000 ਅਰਜ਼ੀਆਂ ਕਤਾਰ ‘ਚ
    (ਹਰਜੀਤ ਲਸਾੜਾ, ਬ੍ਰਿਸਬੇਨ 5 ਸਤੰਬਰ) ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵੀਜ਼ਾ ਕਾਰਵਾਈ ਵਿੱਚ ਹੋ ਰਹੀ ਦੇਰੀ ਕਾਰਣ ਤਕਰੀਬਨ ਇਕ ਲੱਖ ਆਸਟ੍ਰੇਲਿਆਈ ਆਪਣੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਸਮੇਂ ਪਾਰਟਨਰ ਵੀਜ਼ਾ ਲੈਣ ਲਈ ਦੋ ਸਾਲ ਜਾਂ ਕਈ ਮਾਮਲਿਆਂ ਵਿੱਚ ਇਸ ਤੋਂ ਵੀ ਵੱਧ ਉਡੀਕ ਕਰਨੀ ਪੈ ਰਹੀ ਹੈ। ਸੰਸਦ ਵਿੱਚ ਇਹ ਨਿਰਾਸ਼ਾ ਦਾ ਪ੍ਰਗਟਾਵਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਕਰਦਿਆਂ ਮਜ਼ੂਦਾ ਸੰਘੀ ਸਰਕਾਰ ਨੂੰ ਪਾਰਟਨਰ ਵੀਜ਼ਾ ਬਿਨੈਕਾਰਾਂ ਦੇ ਵੱਧ ਰਹੇ ਬੈਕਲਾਗ ਕਾਰਣ ਪਰਿਵਾਰਾਂ ਨੂੰ ਝੱਲਣੀ ਪੈ ਰਹੀ ਆਰਥਿਕ ਅਤੇ ਵਿਛੋੜੇ ਦੀ ਮਾਰ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਹੱਲ ਕਰਨ ਲਈ ਆਖਿਆ ਹੈ। ਉਹਨਾਂ ਅਨੁਸਾਰ ਇਸ ਵੇਲ਼ੇ ਲਗਭਗ 100,000 ਆਸਟ੍ਰੇਲਿਆਈ ਲੋਕਾਂ ਦੀ ਜ਼ਿੰਦਗੀ ਆਪਣੇ ਜੀਵਨ ਸਾਥੀਆਂ ਦੇ ਇੰਤਜ਼ਾਰ ‘ਚ ਲੱਗੀ ਹੋਈ ਹੈ। ਵਿਜ਼ਟਰ ਵੀਜ਼ੇ ਦੀ ਅਣਹੋਂਦ ‘ਚ ਇੰਤਜ਼ਾਰ ਦਾ ਸਮਾਂ ਲਗਾਤਾਰ ਵੱਧਣ ਨਾਲ ਰਿਸ਼ਤਿਆਂ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ ਜੋ ਪਰਿਵਾਰਾਂ ਲਈ ਬਹੁਤ ਕਸ਼ਟਦਾਇਕ ਤੇ ਗੰਭੀਰ ਹੈ। ਮੰਤਰੀ ਅਨੁਸਾਰ ਕਾਫ਼ੀ ਰਿਸ਼ਤੇ ਟੁੱਟ ਵੀ ਗਏ ਹਨ ਜਾਂ ਟੁਟਣ ਦੀ ਕਗਾਰ ਤੇ ਨੇ ਜੋ ਕਿ ਮਨੁੱਖਤਾ ਦੇ ਉੱਲਟ ਹੈ। ਗੌਰਤਲਬ ਹੈ ਕਿ ਗ੍ਰਹਿ ਵਿਭਾਗ ਦੀ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ 90 ਪ੍ਰਤੀਸ਼ਤ ਸਬਕਲਾਸ 309 ਪਾਰਟਨਰ ਵੀਜ਼ਾ ਅਰਜ਼ੀਆਂ ਉੱਤੇ 24 ਮਹੀਨਿਆਂ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ ਗ੍ਰਹਿ ਮੰਤਰਾਲੇ ਨੇ ਮੰਨਿਆ ਹੈ ਕਿ ਕਰੋਨਾ ਮਹਾਮਾਰੀ ਦਾ ਵੀਜ਼ਾ ਪ੍ਰਕਿਰਿਆ ‘ਤੇ ਅਸਰ ਪਿਆ ਹੈ ਪਰ ਵਿਭਾਗ ਵੱਲੋਂ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਨਿਰੰਤਰ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਕੁਝ ਬਿਨੈਕਾਰਾਂ ਨੂੰ ਇਸ ਸਮੇਂ ਕੋਵਿਡ-19 ਹਾਲਾਤਾਂ ਕਰਕੇ ਆਪਣੇ ਦੇਸ਼ਾਂ ‘ਚ ਸਿਹਤ, ਚਰਿੱਤਰ ਜਾਂ ਬਾਇਓਮੈਟ੍ਰਿਕਸ ਵਰਗੀ ਲੁੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਮੁਸ਼ਕਲ ਤੇ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਹਿ ਵਿਭਾਗ ਨਿਯਮਾਂ ਮੁਤਾਬਕ ਪੂਰੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਹੀ ਕਿਸੇ ਵੀਜ਼ਾ ਅਰਜ਼ੀ ਉੱਤੇ ਫ਼ੈਸਲਾ ਲੈ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!