ਮਹਿਲ ਕਲਾਂ 5 ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਅੱਜ ਇੱਥੇ ਸੀਟੂ, ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਤਾਲਾਬੰਦੀ ਦੀ ਆੜ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਮੁਕੰਮਲ ਤੌਰ ’ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਅਤੇ ਮਿਹਨਤਕਸ਼ ਲੋਕਾਂ ਦੇ ਵਿਰੋਧ ਵਿੱਚ ਭੁਗਤ ਕੇ ਉਨ੍ਹਾਂ ਖ਼ਿਲਾਫ਼ ਆਰਡੀਨੈਂਸ ਜਾਰੀ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਖਿਲਾਫ਼ ਜਾਰੀ ਕੀਤੇ ਖੇਤੀਬਾੜੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਵਾਪਸ ਲਏ ਜਾਣ, ਆਮਦਨ ਟੈਕਸ ਦੇ ਘੇਰੇ ਤੋਂ ਬਾਹਰ ਲੋਕਾਂ ਦੇ ਹਰ ਮਹੀਨੇ 7500 ਰੁਪਏ ਖਾਤਿਆਂ ਵਿੱਚ ਪਾਏ ਜਾਣ, ਹਰ ਵਿਅਕਤੀ ਨੂੰ 10 ਕਿਲੋ ਅਨਾਜ ਸਮੇਤ ਹੋਰ ਜ਼ਰੂਰੀ ਵਸਤਾਂ ਹਰ ਮਹੀਨੇ ਦਿੱਤੀਆਂ ਜਾਣ। ਇਸ ਮੌਕੇ ਜੋਗਿੰਦਰ ਸਿੰਘ, ਦਵਿੰਦਰ ਸਿੰਘ ਨੂਰਪੁਰਾ, ਹਰਬੰਸ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ ਬਲਿਆਲ, ਜਗਰੂਪ ਸਿੰਘ ਰਾਏ ਸਿੰਘ ਵਾਲਾ, ਜਗਦੇਵ ਸਿੰਘ ਕਾਲਾਝਾੜ, ਇੰਦਰਜੀਤ ਸਿੰਘ ਛੰਨਾ ਅਤੇ ਚਰਨ ਸਿੰਘ ਰਾਏਸਿੰਘ ਵਾਲਾ ਹਾਜ਼ਰ ਸਨ।