ਦੁੱਖਭੰਜਨ ਰੰਧਾਵਾ
0351920036369
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਬੂਹੇ ਦੀਦਿਆਂ ਦੇ ਵਿੱਚ ,
ਤੇਲ ਚੋਅ ਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਮੈਂ ਕੱਚੇ ਘੜੇ ਵਾਂਗੂ ਟੁੱਟਾਂ,
ਮੇਰੀ ਕੜੱਕ ਹੋ ਜਾਵੇ |
ਮੇਰੀ ਹੋਣੀ ਆਉਂਦੀ ਹੋਵੇ,
ਮੈਨੂੰ ਸ਼ੱਕ ਹੋ ਜਾਵੇ |
ਬਹਿ ਕੇ ਦਰਦਾਂ ਦੇ ਵਿੱਚ,
ਬੂਹਾ ਢੋ ਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਜਿੱਥੇ ਬਲਦੇ ਨੇਂ ਸਿਵੇ,
ਉਥੇ ਡੇਰਾ ਯਾਰ ਦਾ |
ਮੇਰਾ ਦੁੱਖ ਮੇਰੇ ਨਾਲ,
ਰੋਜ਼ ਗੇੜੇ ਮਾਰਦਾ |
ਬਲੇ ਸੀਨੇ ਚ ਵੀ ਅੱਗ,
ਸਿਵਾ ਹੋ ਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਮੈਨੂੰ ਚਾਅ ਏ ਮੇਰੇ ਕੋਲੋਂ,
ਕੋਈ ਹੋਵੇ ਗੁਸਤਾਖੀ |
ਮੈਂ ਬਣ ਜਾਵਾਂ ਦੋਸੀ਼ ਮੈਨੂੰ,
ਮਿਲੇ ਵੀ ਨਾ ਮੁਆਫੀ |
ਯਾਦਾਂ ਤੇਰੀਆਂ ਨੂੰ ਸੀਨੇ,
ਚ ਸੰਜੋ ਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਮੇਰੇ ਬੂਹਿਆਂ ਚ ਫੇਰ,
ਏਨੇ ਹਨੇਰ ਝੁੱਲ ਗਏ |
ਮੇਰੇ ਹੰਝੂਆਂ ਦੇ ਦਾਣੇਂ ਫੇਰ,
ਕਿੰਨੇ ਈ ਡੁੱਲ ਗਏ |
ਪਗਡੰਡੀਆਂ ਦੇ ਉੱਤੇ ,
ਮੈਂ ਵੀ ਡੋਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਨੀ ਮੈਨੂੰ ਲੱਭਦਾ ਏ ਤੇਰੇ,
ਵਿੱਚੋਂ ਸੁਰਗਾਂ ਦਾ ਪਾਸਾ |
ਤੇਰਾ ਮੇਰੇ ਵਿੱਚ ਸੀਗਾ,
ਮੇਰਾ ਤੇਰੇ ਵਿੱਚ ਵਾਸਾ |
ਮੈਂ ਕੁਝ ਤਾਂ ਨੀ ਤੇਰੇ,
ਵਿੱਚੋਂ ਟੋਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਨੀ ਮੈਂ ਚਾਨਣਾਂ ਤੋਂ ਭੱਜਾਂ,
ਤੇ ਹਨੇਰਿਆਂ ਨਾ ਕਰਾਂ |
ਤੇਰੇ ਦਿੱਤੇ ਹਾਸੇ ਹੱਸਾਂ,
ਤੇਰੇ ਦਿੱਤੇ ਦੁੱਖ ਜਰਾਂ |
ਹੋਵੇ ਹਨੇਰਾ ਤੇ ਬੂਹਾ,
ਵੀ ਮੈਂ ਖੋਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |
ਕੋਈ ਕਿਤੇ-ਕੋਈ ਕਿਤੇ,
ਦੁੱਖਭੰਜਨ ਤੇਰੇ ਚ ਹੋਵੇ |
ਤੇਰਾ ਪੜੇ ਨਿੱਤ ਚਿਹਰਾ,
ਤੇਰੇ ਸਾਹਾਂ ਚ ਸਮੋਏ |
ਸਾਹ ਤੇਰੇ ਸਾਹੀਂ ਆਪਣੇ,
ਮੈਂ ਘੋਲਿਆ ਕਰਾਂ |
ਨੀ ਮੇਰਾ ਕਰਦਾ ਏ ਜੀਅ,
ਥੋੜਾ ਰੋ ਲਿਆ ਕਰਾਂ |