ਅਸ਼ੋਕ ਵਰਮਾ
ਬਠਿੰਡਾ,2 ਸਤੰਬਰ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਬਠਿੰਡਾ ਜ਼ਿਲੇ ਦੇ ਸਿਹਤ ਕਾਮਿਆਂ ਵੱਲੋਂ ਬਠਿੰਡਾ ਅਰਬਨ ਤੋਂ ਸਿਹਤ ਮੰਤਰੀ ਪੰਜਾਬ ਦੇ ਪੁਤਲੇ ਸਾੜਨ ਦੀ ਸ਼ੁਰੂਆਤ ਕੀਤੀ ਗਈ। ਸੰਘਰਸ਼ ਕਮੇਟੀ ਬਠਿੰਡਾ ਦੇ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ 10 ਅਗਸਤ ਦੀ ਹੋਈ ਮੀਟਿੰਗ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਵਾਇਆ ਸੀ । ਮੰਤਰੀ ਨੇ ਇਹ ਵੀ ਆਖਿਆ ਗਿਆ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਫਾਇਲ ਸਬ ਕਮੇਟੀ ਦੀ ਮੀਟਿੰਗ ਵਿੱਚ ਮੈਂ ਆਪ ਲੈ ਕੇ ਜਾਵਾਂਗਾ। ਸਿਹਤ ਮੰਤਰੀ ਨੇ ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਦਾ ਕਰਨ ਦਾ ਵੀ ਭਰੋਸਾ ਦਵਾਇਆ ਸੀ ਪਰ ਸਿਹਤ ਮੰਤਰੀ ਵਾਅਦਿਆਂ ਤੇ ਖਰਾ ਨਹੀਂ ਉਤਰਿਆ ਬਲਕਿ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਲਗਾਤਾਰ ਚੁੱਪ ਧਾਰੀ ਬੈਠਾ ਹੈਜਿਸ ਕਾਰਨ ਪੰਜਾਬ ਦੇ ਸਮੁੱਚੇ ਸਿਹਤ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ਦੇ ਸਾਰੇ ਬਲਾਕਾਂ ਵਿਚ 8 ਸਤੰਬਰ ਤੱਕ ਸਿਹਤ ਮੰਤਰੀ ਦੇ ਪੁਤਲੇ ਸਾੜਣ ਅਤੇ 9 ਤੇ 10 ਸਤੰਬਰ 2020 ਨੂੰ ਜ਼ਿਲਾ ਹੈੱਡਕੁਆਟਰਾਂ ਤੇ ਭਰਵੀਆਂ ਮੀਟਿੰਗਾਂ ਕਰਕੇ 14 ਸਤੰਬਰ 2020 ਦੇ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕਾ ਮੁਹਾਲੀ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਦੀ ਤਿਆਰੀ ਕੀਤੀ ਜਾਵੇਗੀ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਆੜ ਵਿੱਚ ਸੰਘਰਸ਼ਸ਼ੀਲ ਲੋਕਾਂ ਦੀ ਕੀਤੀ ਜਾ ਰਹੀ ਜੁਬਾਨਬੰਦੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਜੇਕਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ,ਨਵ ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਸਮੁੱਚੇ ਮਲਟੀਪਰਪਜ਼ ਕਾਮਿਆਂ ਨੂੰ ਕੋਵਿਡ 19 ਵਿੱਚ ਕੰਮ ਕਰਨ ਬਦਲੇ ਸ਼ਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਨੂੰ ਨਾ ਮੰਨਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਅੱਜ ਦੇ ਇਸ ਰੋਸ ਧਰਨੇ ਨੂੰ ਗਗਨਦੀਪ ਸਿੰਘ, ਜਸਵਿੰਦਰ ਸ਼ਰਮਾ,ਸ਼ਿਵਪਾਲ ਸਿੰਘ, ਭੁਪਿੰਦਰ ਸਿੰਘ,ਕੁਲਵਿੰਦਰ ਸਿੰਘ,ਨਰਵਿੰਦਰ ਸਿੰਘ,ਹਰਜੀਤ ਸਿੰਘ, ਸੁਖਦੇਵ ਸਿੰਘ ਆਦਿ ਆਗੂ ਹਾਜ਼ਰ ਸਨ।