12.5 C
United Kingdom
Saturday, September 5, 2026

More

    ‘ਸਾਇੰਸ ਟੈਕਨਾਲੋਜੀ ਅਤੇ ਇਨੋਵੇਸ਼ਨ ਪਾਲਿਸੀ -2020’ ਵਿਸ਼ੇ ‘ਤੇ ਵੈਬਿਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 1 ਸਤੰਬਰ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਿਲ (ਪੀ.ਐਸ.ਸੀ.ਐਸ.ਟੀ.) ਦੇ ਸਹਿਯੋਗ ਨਾਲ ‘ਸਾਇੰਸ ਟੈਕਨਾਲੋਜੀ ਐਂਡ ਇਨੋਵੇਸਨ ਪਾਲਿਸੀ (ਐਸ.ਟੀ.ਆਈ.ਪੀ.) -2020’ ਸਬੰਧੀ ਵੈਬਿਨਾਰ-ਕਮ-ਕੰਸਲਟੇਸ਼ਨ ਮੀਟ ਕਰਵਾਈ ਗਈ। ਇਹ ਆਨਲਾਈਨ ਵੈਬਿਨਾਰ ਭਾਰਤ ਸਰਕਾਰ ਵੱਲੋਂ ਨਵੀਂ ਰਾਸਟਰੀ ਵਿਗਿਆਨ ਟੈਕਨਾਲੋਜੀ ਅਤੇ ਨਵੀਨਤਾ ਨੀਤੀ (ਐਸ.ਟੀ.ਆਈ.ਪੀ. 2020) ਬਣਾਉਣ ਲਈ ਆਰੰਭੀ ਪ੍ਰਕਿਰਿਆ ਦਾ ਹਿੱਸਾ ਸੀ, ਜੋ ਕਿ ਨੀਤੀਗਤ ਢਾਂਚੇ ਨੂੰ ਹੁਲਾਰਾ ਦੇਣ ਲਈ “ਰਾਜ ਸਲਾਹ-ਮਸਵਰਾ – ਪੰਜਾਬ (ਟ੍ਰੈਕ – )” ਤਹਿਤ ਕੀਤਾ ਗਿਆ ਸੀ।  ਵੈਬਿਨਾਰ ਦਾ ਮੁੱਖ ਉਦੇਸ ਨੀਤੀਗਤ ਢਾਂਚੇ ਨੂੰ ਮਜਬੂਤ ਕਰਨ ਲਈ ਵਿਸੇ ਮਾਹਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨਾ ਸੀ, ਜਿਸ ਵਿਚ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼, ਵਿਭਾਗੀ ਮੁਖੀਆਂ, ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਅਤੇ ਹੋਰ ਹਿੱਸੇਦਾਰਾਂ ਵਲੋਂ ਐਸ.ਟੀ.ਆਈ.ਪੀ. – 2020 ਤੇ ਨਵੀਂ ਰਾਜ / ਭਾਰਤ ਸਰਕਾਰ ਦੀ ਨੀਤੀ ਬਾਰੇ ਦਿੱਤੇ ਸੁਝਾਵਾਂ ਨੂੰ ਇਕੱਤਰ ਕੀਤਾ ਗਿਆ।  
                          ਯੂਨੀਵਰਸਿਟੀ ਦੇ ਡੀਨ ਰਿਸਰਚ ਐਂਡ ਡਿਵੈਲਪਮੈਂਟ, ਡਾ. ਜਸਬੀਰ ਸਿੰਘ ਹੁੰਦਲ ਨੇ ਸੁਝਾਅ ਦਿੱਤਾ ਕਿ ਉਪਕਰਣ ਕੇਂਦਰਾਂ ਅਤੇ ਲਾਇਬ੍ਰੇਰੀ ਦੀਆਂ ਸਹੂਲਤਾਂ ਵਿਚਲੇ ਮਹਿੰਗੇ ਉਪਕਰਣ ਖੋਜਕਰਤਾਵਾਂ ਨੂੰ ਵਿਦਿਅਕ ਸੰਸਥਾਵਾਂ ਵਿਚ ਸਾਂਝਾ ਕਰਨ ਦੇ ਅਧਾਰ ਤੇ ਉਪਲਬਧ ਕਰਵਾਉਣੇ ਚਾਹੀਦੇ ਹਨ।ਵੈਬਿਨਾਰ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਐਸ.ਟੀ.ਆਈ.ਪੀ. -2020 ਸਬੰਧੀ ਵਿਆਪਕ ਸਲਾਹ ਮਸਵਰੇ ਲਈ ਕੇਂਦਰ ਸਰਕਾਰ ਅਤੇ ਪੀ.ਐਸ.ਸੀ.ਐਸ.ਟੀ. ਦੇ ਉੱਦਮ ਅਤੇ ਯਤਨਾਂ ਦੀ ਭਰਪੂਰ ਸਲਾਘਾ ਕੀਤੀ। ਉਨਾਂ ਕਿਹਾ ਕਿ ਕੁਦਰਤੀ ਵਰਤਾਰੇ ਅਤੇ ਸਮਾਜਿਕ ਵਤੀਰੇ ਨੂੰ ਸਮਝਣ ਅਤੇ ਸਮਝਾਉਣ ਲਈ ਅਤੇ ਖੋਜ ਸਬੰਧੀ ਵੱਖ-ਵੱਖ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਕੇ ਇਸਨੂੰ ਜਾਰੀ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਵੀਂ ਐਸ.ਟੀ.ਆਈ.ਪੀ.-2020 ਖੋਜ ਦੀ ਨਵੀਨਤਾ ਅਤੇ ਰਿਸਰਚ ਦੇ ਵਿਸ਼ਲੇਸ਼ਣ ਤੇ ਆਧਾਰਿਤ ਹੋਵੇਗੀ।  ਪ੍ਰੋ. ਈਸ਼ਰ ਨੇ ਅੱਗੇ ਕਿਹਾ ਕਿ ਨਵੀਨਤਾ ਦੀ ਭਾਵਨਾ ਪੈਦਾ ਕਰਨ ਲਈ ਵਿਦਿਅਕ ਤਬਦੀਲੀਆਂ ਦੀ ਸਕੂਲ ਪੱਧਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਨਾਂ ਨੇ ਯੂਨੀਵਰਸਿਟੀਆਂ ਵਿੱਚ ਖੋਜ ਦੀ ਤੀਬਰਤਾ ਵਧਾਉਣ ਅਤੇ ਉਨਾਂ ਨੂੰ ਵਿਸਵ ਪੱਧਰੀ ਮਾਪਦੰਡਾਂ ਨੂੰ ਪ੍ਰਾਪਤ ਕਰਨ ਅਤੇ ਖੋਜ ਨੂੰ ਨਵੀਨਤਾ ਵੱਲ ਲਿਜਾਣ ਲਈ ਨੀਤੀਗਤ ਉਪਾਵਾਂ ਦੀ ਜਰੂਰਤ ‘ਤੇ ਜੋਰ ਦਿੱਤਾ।
            ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਵੱਖ-ਵੱਖ ਖੋਜ ਸੰਸਥਾਵਾਂ ਵਿੱਚ ਨੇੜਲੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੰਦਿਆਂ, ਪ੍ਰੋ. ਈਸਰ ਨੇ ਖੋਜ ਕਲੱਸਟਰਾਂ ਅਤੇ ਖੋਜ ਸਹੂਲਤਾਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ਉਦਯੋਗਾਂ ਨਾਲ ਨੇੜਤਾ ਵਾਲੇ ਸਬੰਧ ਬਣਾਉਣ ਅਤੇ ਵਿਸ਼ਵਾਸ ਹਾਸਿਲ ਕਰਨਾ ਖੋਜਕਰਤਾਵਾਂ ਦਾ ਫਰਜ ਬਣਦਾ ਹੈ ਤਾਂ ਜੋ ਉਦਯੋਗ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਵਿੱਚ ਨਿਵੇਸ਼ ਕਰ ਸਕਣ। ਇਸ ਦੇ ਨਾਲ ਹੀ ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਦਾਰਿਆਂ ਵਿਚ ਜੋ ਖੋਜ ਕੀਤੀ ਗਈ ਹੈ, ਉਸ ਨੂੰ ਉਦਯੋਗ ਦੇ ਸਹਿਯੋਗ ਨਾਲ ਦੁਬਾਰਾ ਪਰਖਣਾ ਚਾਹੀਦਾ ਹੈ ਤਾਂ ਜੋ ਉਨਾਂ ਬਹੁਮੁੱਲੇ ਵਿਚਾਰਾਂ ਦਾ ਪਤਾ ਲਗਾਇਆ ਜਾ ਸਕੇ, ਜਿਨਾਂ ਨੂੰ ਅੱਗੇ ਲੈ ਜਾਇਆ ਜਾ ਸਕਦਾ ਹੈ। ਡਾ. ਈਸ਼ਰ ਨੇ ਉਮੀਦ ਜਤਾਈ ਕਿ ਨਵੀਂ ਨੀਤੀ ਆਪਣੇ ਵਿਕੇਂਦਰੀਕਰਣ ਢੰਗ ਨਾਲ ਬਣਨ ਵਾਲੀਆਂ ਤਰਜੀਹਾਂ, ਵੱਖ-ਵੱਖ ਸੈਕਟਰਾਂ ਤੇ ਫੋਕਸ, ਖੋਜ ਦੇ ਢੰਗ ਅਤੇ ਵੱਡੀਆਂ ਸਮਾਜਿਕ-ਆਰਥਿਕ ਭਲਾਈ ਯੋਜਨਾਵਾਂ ਲਈ ਤਕਨਾਲੋਜੀਆਂ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀ ਕਾਰਜਕਾਰੀ ਡਾਇਰੈਕਟਰ, ਡਾ. ਜਤਿੰਦਰ ਕੌਰ ਅਰੋੜਾ ਨੇ ਐਸ.ਟੀ.ਆਈ.ਪੀ.-2020 ਦੇ ਵੱਖ-ਵੱਖ ਪਹਿਲੂਆਂ ਤੇ ਉਦੇਸ਼ਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।  ਯੂਨੀਵਰਸਿਟੀ ਦੀ ਡੀਨ, ਅਕਾਦਮਿਕ ਮਾਮਲੇ, ਪ੍ਰੋ. (ਡਾ.) ਸਵੀਨਾ ਬਾਂਸਲ ਨੇ ਕਿਹਾ ਕਿ ਨਵੀਂ ਐਸ.ਟੀ.ਆਈ.ਪੀ. ਭਾਰਤ ਦੇ ਵਿਕਾਸ ਦੇ ਇੰਜਣ ਨੂੰ ਵਿਗਿਆਨ ਅਤੇ ਟੈਕਨਾਲੋਜੀ ਦੇ ਜਰੀਏ ਰਫ਼ਤਾਰ ਦੇਣ ਵਾਲੀ ਹੋਵੇਗੀ।
             ਫਾਰਮਾਸਿਊਟੀਕਲ ਸਾਇੰਸਜ ਅਤੇ ਟੈਕਨੋਲੋਜੀ ਵਿਭਾਗ ਦੇ ਪ੍ਰੋਫੈਸਰ ਆਸੀਸ ਬਾਲਦੀ ਅਤੇ ਵਿਭਾਗੀ ਮੁਖੀ, ਡਾ. ਰਾਹੁਲ ਦੇਸਮੁਖ,  ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਮੁਖੀ, ਡਾ. ਕਵਲਜੀਤ ਸਿੰਘ ਸੰਧੂ ਅਤੇ ਯੂਨੀਵਰਸਿਟੀ ਬਿਜਨਸ ਸਕੂਲ (ਯੂ.ਬੀ.ਐੱਸ.) ਦੇ ਇੰਚਾਰਜ, ਡਾ. ਪਿ੍ਰਤਪਾਲ ਸਿੰਘ ਭੁੱਲਰ ਨੇ ਫੈਕਲਟੀ ਅਤੇ ਖੋਜ ਵਿਦਵਾਨਾਂ ਨੇ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਆਪਣੇ ਕੀਮਤੀ ਵਿਚਾਰ, ਸਿਫਾਰਸਾਂ ਅਤੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ, ਹਰਜਿੰਦਰ ਸਿੱਧੂ ਅਤੇ ਡਾਇਰੈਕਟਰ ਆਈ.ਟੀ. ਸੇਵਾਵਾਂ, ਡਾ: ਭੁਪਿੰਦਰ ਸਿੰਘ ਨੇ ਵੀ ਵੈਬਿਨਾਰ ਵਿੱਚ ਹਿੱਸਾ ਲਿਆ। ਮਾਹਿਰਾਂ ਨੇ ਸ਼ਿਕਵਾ ਜ਼ਾਹਿਰ ਕੀਤਾ ਕਿ ‘ਸਾਡੀਆਂ ਬਹੁਗਿਣਤੀ ਯੂਨੀਵਰਸਿਟੀਆਂ’ ਸਿਰਫ਼ ਅਧਿਆਪਨ ਸੰਸਥਾਵਾਂ ਬਣਕੇ ਰਹਿ ਗਈਆਂ ਹਨ ਜਿੱਥੇ ਖੋਜਾਂ ਨੂੰ ਫੰਡਾਂ ਦੀ ਘਾਟ ਕਾਰਨ ਤਵੱਜੋ ਨਹੀਂ ਦਿੱਤੀ ਜਾ ਰਹੀ’ । ਅੰਤ ਵਿੱਚ, ਰਿਸਰਚ ਸਕਾਲਰਾਂ ਨੇ ਆਪਣੀਆਂ ਸ਼ੰਕਾਵਾਂ ਸਬੰਧੀ ਸਵਾਲ-ਜਵਾਬ ਕੀਤੇ, ਜਿਨਾਂ ਦਾ ਉੱਤਰ ਡਾ. ਹੁੰਦਲ ਨੇ ਬਾਖੂਬੀ ਦਿੱਤਾ। ਜਦੋਂ ਕਿ ਪੀ.ਐਸ.ਸੀ.ਐਸ.ਟੀ. ਦੇ ਜੁਆਇੰਟ ਡਾਇਰੈਕਟਰ ਡਾ. ਆਰ.ਕੇ. ਬਖਸੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!