ਰਜਨੀ ਵਾਲੀਆ, ਕਪੂਰਥਲਾ
ਕੁਝ ਰਿਸ਼ਤੇ ਬਲਿਹਾਰ ਜਾਂਦੇ ਨੇ,
ਕੁਝ ਰਿਸ਼ਤੇ ਤਾਂ ਮਾਰ ਜਾਂਦੇ ਨੇ |
ਏਥੇ ਚੰਗੇ ਛੱਡ ਜਾਂਦੇ ਨੇ ਚੰਗਾ,
ਮਾੜੇ ਛੱਡ ਮਾੜਾ ਕਿਰਦਾਰ ਜਾਂਦੇ ਨੇ |
ਬੰਦਾ ਕਿਸੇ ਦਾ ਸਰਨ ਨਈਂ ਦੇਂਦਾ,
ਬੰਦੇ ਦਾ ਬਾਬਾ ਜੀ ਸਾਰ ਜਾਂਦੇ ਨੇਂ |
ਉਹਨਾਂ ਨੂੰ ਤਾਂ ਮੱਤ ਆ ਜਾਂਦੀ ਏ,
ਜੋ ਰੱਬ ਦੇ ਦਰਬਾਰ ਜਾਂਦੇ ਨੇਂ |
ਓ ਹਾਰਿਆਂ ਨੂੰ ਜਿਤਾ ਦੇਂਦਾ ਏ,
ਤੇ ਜਿੱਤਣ ਵਾਲੇ ਹਾਰ ਜਾਂਦੇ ਨੇਂ |
ਰੱਤੀ ਮੁੱਲ ਨਾ ਪਵੇ ਉਹਨਾਂ ਦਾ,
ਕਰ ਜੋ ਕੂੜ ਪ੍ਰਚਾਰ ਜਾਂਦੇ ਨੇ |
ਰੱਬ ਨੇਂ ਜਿਗਰਾ ਏਨਾਂ ਦਿੱਤੈ,
ਬਸ ਮੇਰੇ ਜਿਹੇ ਸਹਾਰ ਜਾਂਦੇ ਨੇਂ |
ਜੀਉਣ ਜੋਗੀ ਹੋ ਜਾਨੀ ਆਂ ਮੈਂ,
ਜਦੋਂ ਹੋ ਉਹਦੇ ਦੀਦਾਰ ਜਾਂਦੇ ਨੇਂ |
ਕੁਝ ਮਨ ਨੂੰ ਬੜਾ ਹੌਲਾ ਰੱਖਦੇ,
ਕੁਝ ਮਨ ਤੇ ਬਣ ਭਾਰ ਜਾਂਦੇ ਨੇਂ |
ਕੁਝ ਨਾ ਭਾਵਣ ਜ਼ਰਾ ਵੀ ਮਨ ਨੂੰ,
ਕੁਝ ਬਣ ਮਨ ਦਾ ਸਿ਼ੰਗਾਰ ਜਾਂਦੇ ਨੇਂ |
ਕੁਝ ਦਿਲ ਦੇ ਘਰ ਵਾਸਾ ਕਰਦੇ,
ਕੁਝ ਘਰ ਵਿੱਚੋਂ ਬਾਹਰ ਜਾਂਦੇ ਨੇਂ |
ਆਪਣੀ ਮਲਕੀਅਤ ਸਮਝਣ ਜੱਗ ਨੂੰ,
ਆ ਵਿੱਚ ਜੋ ਇਸ ਸੰਸਾਰ ਜਾਂਦੇ ਨੇਂ |
ਕੁਝ ਲੂਅ-ਲੂਅ ਕੇ ਰੱਖਦੇ ਅੰਦਰ,
ਕੁਝ ਅੰਦਰ ਨੂੰ ਠਾਰ ਜਾਂਦੇ ਨੇਂ |
ਕੁਝ ਨਹੀ ਰਲਦੇ ਵਿੱਚ ਪਰਿਵਾਰ ਦੇ,
ਕੁਝ ਤਾਂ ਬਣ ਪਰਿਵਾਰ ਜਾਂਦੇ ਨੇਂ |
ਉਹ ਕੱਚੇ ਰੰਗ ਵਰਗੇ ਹੁੰਦੇ ਜੀ,
ਜਿਹੜੇ ਮਨੋਂ ਵਿਸਾਰ ਜਾਂਦੇ ਨੇਂ |
ਰਜਨੀ ਬਖਸੇ਼ ਜਾਣ ਗੁਨਾਂਹ ਉਹਨਾਂ ਦੇ,
ਜਿਹੜੇ ਵੀ ਮਾਂ ਦੇ ਦਰਬਾਰ ਜਾਂਦੇ ਨੇਂ |