ਅਸ਼ੋਕ ਵਰਮਾ
ਬਠਿੰਡਾ 30 ਅਗਸਤ । ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸੂਬੇ ਅੰਦਰ ਔਰਤਾਂ ਉਪਰ ਕੀਤੇ ਜਾ ਰਹੇ ਜੁਲਮਾਂ ਦੇ ਖਿਲਾਫ ਆਵਾਜ ਬੁਲੰਦ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਪੱਤਰ ਲਿਖਕੇ ਸਥਿਤੀ ਤੋਂ ਜਾਣੂੰ ਕਰਵਾਉਣ ਦਾ ਐਲਾਨ ਕੀਤਾ ਹੈ। ਜੱਥੇਬੰਦੀ ਨੇ ਫੈਸਲਾ ਲਿਆ ਹੈ ਕਿਇਹ ਮਾਮਲਾ ਹੁਣ ਦਿੱਲੀ ਤੱਕ ਉਠਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ ਕਿਉਂਕਿ ਪੀੜਤ ਔਰਤਾਂ ਨੂੰ ਇਨਸਾਫ ਦੇਣ ’ਚ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ ਰਹੀ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ 4 ਸਤੰਬਰ ਨੂੰ ਹਜਾਰਾਂ ਆਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਚਿੱਠੀਆਂ ਲਿਖ ਕੇ ਭੇਜੀਆਂ ਜਾਣਗੀਆਂ ਕਿਉਂਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਖੁਦ ਇਕ ਔਰਤ ਹੈ ਤੇ ਉਨਾਂ ਦੀ ਪਾਰਟੀ ਦੀ ਸਰਕਾਰ ਵਿੱਚ ਸੂਬੇ ਅੰਦਰ ਔਰਤਾਂ ਨਾਲ ਕੀ ਕੁਝ ਹੋ ਰਿਹਾ ਹੈ ।
ਉਨਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਨੇ ਇਨਸਾਫ ਨਾ ਦੁਆਇਆ ਤਾਂ ਯੂਨੀਅਨ ਵੱਲੋਂ ਦਿੱਲੀ ਵਿਖੇ ਉਨਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਯੂਨੀਅਨ ਵੱਲੋਂ ਨੈਸਨਲ ਵੈਮੈਨ ਕਮਿਸਨ ਨੂੰ ਵੀ ਪੱਤਰ ਭੇਜੇ ਜਾਣਗੇ । ਉਨਾਂ ਦੱਸਿਆ ਕਿ 3 ਸਤੰਬਰ ਨੂੰ ਸੂਬੇ ਭਰ ਵਿੱਚ ਡਿਪਟੀ ਕਮਿਸਨਰਾਂ ਨੂੰ ਯੂਨੀਅਨ ਦਾ 21 ਮੈਬਰੀ ਵਫਦ ਮੰਗ ਪੱਤਰ ਦੇਵੇਗਾ ਜੋਕਿ ਗ੍ਰਹਿ ਮੰਤਰੀ ਭਾਰਤ ਸਰਕਾਰ , ਮੁੱਖ ਮੰਤਰੀ ਪੰਜਾਬ , ਡੀਜੀਪੀ ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸਨ ਪੰਜਾਬ ਦੇ ਨਾਮ ਹੋਣਗੇ । ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਜੰਗਲ ਦਾ ਰਾਜ ਹੈ ਤੇ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹਿ ਗਈ ਹੈ । ਉਨਾਂ ਦੱਸਿਆ ਕਿ ਕਥਿਤ ਸਿਆਸੀ ਸਹਿ ਤੇ ਪੁਿਲਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ ।
ਉਨਾਂ ਦੱਸਿਆ ਕਿ ਜਿੱਥੇ ਕਿਸੇ ਨਾਲ ਵਧੀਕੀ ਤੇ ਅੱਤਿਆਚਾਰ ਹੁੰਦਾ ਹੈ ਉੱਥੇ ਪੁਲਿਸ ਕੇਸ ਦਰਜ ਹੀ ਨਹੀਂ ਕਰਦੀ , ਪਰ ਜਿੱਥੇ ਕੋਈ ਕੇਸ ਬਣਦਾ ਹੀ ਨਹੀਂ ਉੱਥੇ ਸੰਗੀਨ ਧਾਰਾਵਾਂ ਲਗਾਕੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਔਰਤਾਂ ਇਸ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਔਰਤਾਂ ਖੁਦ ਤਾਂ ਸੁਰੱਖਿਅਤ ਨਹੀਂ ਹਨ , ਪਰ ਬਿਗਾਨੇ ਦੇਸ਼ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਆਪਣੀ ਮਹਿਮਾਨ ਬਣਾਈ ਬੈਠੀ ਹੈ । ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤਕ ਸੂਬੇ ਦੀਆਂ ਔਰਤਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਉਨਾਂ ਦੀ ਹੋ ਰਹੀ ਖੱਜਲ-ਖੁਆਰੀ ਬੰਦ ਨਹੀਂ ਹੁੰਦੀ , ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।