ਰਜਨੀ ਵਾਲੀਆ, ਕਪੂਰਥਲਾ
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਐਂਵੇ ਨਾ ਤੂੰ ਦਰ-ਦਰ ਉੱਤੇ,
ਮੰਗਣ ਜਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਸਮਝਦਾਰ ਨੂੰ ਤਾਂ ਦੇਣੇ ,
ਬੱਸ ਇਸ਼ਾਰੇ ਹੁੰਦੇ ਨੇਂ,
ਹੁੰਦਾ ਵਾਧੂ ਕਿਸੇ ਕੋਲ,
ਨਹੀ ਬੱਸ ਗੁਜਾਰੇ ਹੁੰਦੇ ਨੇ |
ਕਿਸੇ ਨੂੰ ਰੋਟੀ ਖਾਂਦਿਆ ਵੇਖਕੇ ,
ਨਾ ਘਬਰਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਆਪਣੇ ਬਾਲਾਂ ਖਾਤਿਰ ,
ਹੀ ਬਸ ਜੋੜਿਆ ਜਾਂਦਾ ਈ |
ਇੱਕ ਦਿਨ ਅੱਕਣਾਂ ਪੈਂਦਾ,
ਕਿੱਥੇ ਰੋੜਿਆ ਜਾਂਦਾ ਈ |
ਹਰ ਵਾਰੀ ਆ ਮੰਗਨਾ ਏਂ,
ਸ਼ਰਮਾਂ ਚ ਸਮਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਜਿੰਨੂ ਆਦਤ ਮੰਗਕੇ ਖਾਣ ਦੀ,
ਪੈ ਜਾਏ ਮਤ ਮੋਟੀ ਹੁੰਦੀ ਏ |
ਹੱਕ ਨਈ ਹੁੰਦਾ ਉਹਦਾ,
ਜੋ ਹੱਥ ਉਹਦੇ ਰੋਟੀ ਹੁੰਦੀ ਏ |
ਹੱਕ ਪਰਾਇਆ ਖਾਣ ਲੱਗਾ,
ਥੋੜਾ ਸੰਗਿਆ ਸੰਗਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਜੀਅ ਕਿਉ ਨਹੀਂ ਤੇਰਾ ਕਰਦਾ,
ਮਿਹਨਤ ਕਰਕੇ ਖਾਵਣ ਨੂੰ |
ਲੱਭਕੇ ਕੋਈ ਰੁਜਗਾਰ ਤੇ ,
ਕਿੱਧਰੇ ਕੰਮ ਤੇ ਜਾਵਣ ਨੂੰ |
ਤੂੰ ਸਮਝਦਾਰ ਬਣਕੇ ਖੁਦ,
ਨੂੰ ਵੀ ਸਮਝਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |
ਰਜਨੀ ਮਿਹਨਤ ਕਰਕੇ ਖਾਈਏ,
ਲੋਕੀ ਕਾਹਤੋਂ ਨਹੀ ਜਰਦੇ |
ਨਿਕੰਮਾਂ ਕੀ ਜਾਣੇਂ ਮਿਹਨਤਕਸ਼,
ਕਿਵੇਂ ਮਿਹਨਤ ਕਰਦੇ |
ਬੇਹੁਨਰਿਆ ਆਪਣੇ ਆਪ ਨੂੰ,
ਹੁਨਰ ਸਿਖਾਇਆ ਕਰ |
ਕਰਕੇ ਖਾਂਦੇ ਸਾਰੇ ਤੂੰ ਵੀ,
ਆਪਣੀ ਕਰਕੇ ਖਾਇਆ ਕਰ |