ਅਸ਼ੋਕ ਵਰਮਾ
ਬਠਿੰਡਾ, 29 ਅਗਸਤ। ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ਤੇ ਪੈਂਦੇ ਪਿੰਡ ਗੁਰਥੜੀ ਵਿਖੇ ਰਿਫਾਇਨਰੀ ਰੋਡ ਤੇ ਘਰਾਂ ਅਤੇ ਗੁਰਦੁਆਰਾ ਸਾਹਿਬ ਨਜ਼ਦੀਕ ਲੱਗ ਰਹੇ ਲੁੱਕ ਪਲਾਂਟ ਵਿਰੁੱਧ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਹੇਠ ਪਲਾਂਟ ਦੇ ਗੇਟ ਅੱਗੇ ਜਾ ਕੇ ਪਲਾਟ ਮਾਲਕ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਪਿੰਡ ਵਾਸੀਆਂ ਨੇ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਇਸ ਲੁੱਕ ਪਲਾਂਟ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਅਣਮਿਥੇ ਸਮੇਂ ਲਈ ਨੈਸ਼ਨਲ ਹਾਈਵੇ ਨੂੰ ਜਾਮ ਕਰਨਗੇ ਜਿਸ ਦੀ ਜਿੰਮੇਵਾਰ ਪ੍ਰਸਾਸ਼ਨ ਦੀ ਹੋਵੇਗੀ। ਇਸ ਸਬੰਧੀ ਪਿੰਡ ਦੀ ਸਰਪੰਚ ਸਤਵੀਰ ਕੌਰ ਦੇ ਪਤੀ ਨੰਬਰਦਾਰ ਰੌਸ਼ਨ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪਿੰਡ ਇਕਾਈ ਪ੍ਰਧਾਨ ਮਲਕੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਬਾਹਰਲੇ ਵਿਅਕਤੀਆਂ ਵੱਲੋਂ ਚੋਰੀ ਛੁਪੇ ਗੈਰ ਕਾਨੂੰਨੀ ਢੰਗ ਨਾਲ ਘਰਾਂ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਨਜਦੀਕ ਲੁੱਕ ਪਲਾਂਟ ਲਗਾਇਆ ਗਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਲੁੱਕ ਪਲਾਂਟ ’ਚ ਰਿਫਾਇਨਰੀ ’ਚੋਂ ਕੁੱਝ ਡਰਾਇਵਰ ਗੱਡੀਆਂ ’ਚੋਂ ਲੁੱਕ ਕੱਢ ਜਾਂਦੇ ਹਨ। ਉਸ ਲੁੱਕ ਨੂੰ ਕੈਮੀਕਲਾਂ ਰਾਹੀ ਭੱਠੀਆ ਨਾਲ ਵਧਾਇਆ ਜਾਂਦਾ ਹੈ, ਜਿਸ ਦੀ ਬਹੁਤ ਜਿਆਦਾ ਸੜਾਂਦ ਮਾਰਦੀ ਹੈ। ਇਸ ਨਾਲ ਨੇੜਲੇ ਘਰਾਂ ’ਚ ਜਿੱਥੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ ਉਥੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਮਰਿਆਦਾ ਵੀ ਭੰਗ ਹੋਵੇਗੀ। ਉਨਾਂ ਦੱਸਿਆ ਕਿ ਇਸ ਲੁੱਕ ਪਲਾਂਟ ਨੂੰ ਬੰਦ ਕਰਵਾਉਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਥਾਣਾ ਸੰਗਤ ਦੇ ਮੁਖੀ ਨੂੰ ਲਿਖਤੀ ਸ਼ਕਾਇਤ ਕੀਤੀ ਜਾ ਚੁੱਕੀ ਹੈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨਾਂ ਦਾ ਕੰਮ ਧੜੱਲੇ ਨਾਲ ਜਾਰੀ ਹੈ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਪਿੰਡ ਇਕਾਈ ਪ੍ਰਧਾਨ ਮਲਕੀਤ ਸਿੰਘ, ਹਰਦਿਆਲ ਸਿੰਘ, ਜਗਸੀਰ ਸਿੰਘ, ਦਵਿੰਦਰ ਸਿੰਘ, ਕੌਰ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ, ਗੋਰਾ ਸਿੰਘ, ਗ੍ਰੰਥੀ ਅੰਮਿ੍ਰਤਪਾਲ ਸਿੰਘ, ਸੁਖਦੇਵ ਸਿੰਘ, ਪੰਚ ਹਰਮੀਤ ਸਿੰਘ, ਪੰਚ ਸੇਵਾ ਸਿੰਘ ਤੇ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ। ਥਾਣਾ ਸੰਗਤ ਦੇ ਮੁਖੀ ਦਲਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੇਕਰ ਲੁੱਕ ਪਲਾਂਟ ਸਰਕਾਰ ਦੀ ਬਿਨਾਂ ਮਨਜੂਰੀ ਤੋਂ ਲਗਾਇਆ ਜਾ ਰਿਹਾ ਹੈ ਤਾਂ ਉਸ ਨੂੰ ਬੰਦ ਕਰਵਾ ਦਿੱਤਾ ਜਾਵੇਗਾ।