ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਗੈਟਵਿਕ ਏਅਰਪੋਰਟ ‘ਤੇ 4 ਮਿਲੀਅਨ ਪਾਊਂਡ ਤੋਂ ਵੱਧ ਦੀ ਕੋਕੀਨ ਸਬਜ਼ੀਆਂ ਵਿਚ ਛੁਪਾਈ ਹੋਈ ਅਤੇ ਤਰਲ ਰੂਪ ਵਿੱਚ ਜ਼ਬਤ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਕਤ ਨਸ਼ੇ ਦੀ ਤਸਕਰੀ ਪਿੱਛੇ ਕਿਸ ਦਾ ਹੱਥ ਹੈ? ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਜਮੈਕਾ ਦੇ ਕਿੰਗਸਟਨ ਤੋਂ ਆਈਆਂ ਉਡਾਣਾਂ ਵਿੱਚ ਇਹ ਕਲਾਸ ਏ ਦੀ ਵੱਡੀ ਮਾਤਰਾ ‘ਚ ਡਰੱਗ ਦੀ ਖੇਪ ਫੜੀ ਹੈ। ਸਭ ਤੋਂ ਪਹਿਲਾਂ 11 ਅਗਸਤ ਨੂੰ ਸਬਜ਼ੀਆਂ ਦੀ ਖੇਪ ਵਿਚ ਲਗਭਗ 11 ਕਿੱਲੋ ਕੋਕੀਨ ਮਿਲੀ ਸੀ। ਇਸਦੀ ਅੰਦਾਜ਼ਨ ਕੀਮਤ £1.8 ਮਿਲੀਅਨ ਹੈ। ਇਸ ਤੋਂ ਬਾਅਦ ਦੂਜੀ ਵਾਰ ਇਕ ਹਫਤੇ ਬਾਅਦ 18 ਅਗਸਤ ਨੂੰ ਕਿੰਗਸਟਨ ਤੋਂ ਉਸੇ ਉਡਾਨ ਤੋਂ ਕੋਕੀਨ ਨੂੰ ਜ਼ਬਤ ਕੀਤਾ ਗਿਆ।
ਇਸ ਵਾਰ 30 ਕਿੱਲੋ ਕੋਕੀਨ ਮਿਲੀ ਜਿਸਦੀ ਅੰਦਾਜ਼ਨ ਕੀਮਤ 2.4 ਮਿਲੀਅਨ ਪਾਊਂਡ ਹੈ। ਇਸ ਤੋਂ ਬਾਅਦ ਤੀਸਰੀ ਕਾਰਵਾਈ ਮੰਗਲਵਾਰ (25 ਅਗਸਤ) ਨੂੰ ਫਿਰ ਕਿੰਗਸਟਨ ਤੋਂ ਉਡਾਣ ਵਿੱਚ ਬਾਰਡਰ ਫੋਰਸ ਦੁਆਰਾ ਕੀਤੀ ਗਈ।ਇਸ ਵਾਰ ਤਕਰੀਬਨ ਤਿੰਨ ਕਿੱਲੋ ਕੋਕੀਨ ਮਿਲੀ, ਜਿਸਨੂੰ ਤਰਲ ਘੋਲ ਵਿਚ ਬਦਲ ਦਿੱਤਾ ਗਿਆ ਸੀ ਅਤੇ ਇਸਦਾ ਅੰਦਾਜ਼ਨ ਮੁੱਲ £250,000 ਹੈ। ਇਸ ਤਰ੍ਹਾਂ ਕੁੱਲ 44 ਕਿੱਲੋ ਕੋਕੀਨ ਜ਼ਬਤ ਕੀਤੀ ਗਈ ਹੈ। ਨਸ਼ਿਆਂ ਦੀ ਜ਼ਬਤੀ ਦੇ ਸਬੰਧ ਵਿੱਚ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਹੈ। ਗੈਟਵਿਕ ਨੈਸ਼ਨਲ ਕ੍ਰਾਈਮ ਏਜੰਸੀ ਬ੍ਰਾਂਚ ਦੇ ਕਮਾਂਡਰ ਮਾਰਕ ਮੈਕ ਕੋਰਮੈਕ ਨੇ ਕਿਹਾ ਕਿ “ਬਾਰਡਰ ਫੋਰਸ ਨੇ ਕਲਾਸ ਏ ਦੀਆਂ ਨਸ਼ੀਲੀਆਂ ਦਵਾਈਆਂ ਨੂੰ ਯੂਕੇ ਦੀਆਂ ਸੜਕਾਂ ‘ਤੇ ਪਹੁੰਚਣ ਤੋਂ ਰੋਕਿਆ ਹੈ ਅਤੇ ਸਾਡੀ ਪੜਤਾਲ ਜਾਰੀ ਹੈ।”