ਵੱਖ-ਵੱਖ ਆਗੂ ਡੀ.ਐੱਸ.ਪੀ.ਨੂੰ ਮਿਲੇ, ਪੁਲਿਸ ਨੇ ਮਾਮਲਾ ਕੀਤਾ ਦਰਜ਼
ਅੰਮ੍ਰਿਤਸਰ (ਪੰਜ ਦਰਿਆ ਬਿਊਰੋ)
ਅੱਜ ਰਈਆ ਨਿਵਾਸੀ ਇਕ ਵਿਅਕਤੀ ਵੱਲੋਂ ਵੱਖ-ਵੱਖ ਹਿੰਦੂ ਦੇਵੀ ਦੇਵਤਿਆਂ ਅਤੇ ਖਾਸਕਰ ਸੀਤਾ ਮਾਤਾ ਜੀ ਪ੍ਰਤੀ ਫੇਸਬੁੱਕ ‘ਤੇ ਪੋਸਟ ਪਾ ਕੇ ਅਪਸ਼ਬਦ ਲਿਖੇ ਜਾਣ ‘ਤੇ ਜਿਥੇ ਹਿੰਦੂ ਬਰਾਦਰੀ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ, ਉਥੇ ਨਾਲ ਹੀ ਹੋਰ ਕਈ ਹਿੰਦੂ ਸੰਗਠਨਾਂ ਦੇ ਮਨ ‘ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਦਾ ਕਹਿਣਾ ਹੈ ਕਿ ਅਜਿਹੇ ਅਨਸਰਾਂ ਨੂੰ ਤਰੁੰਤ ਨਕੇਲ ਪਾ ਕੇ ਉਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਅਜਿਹੇ ਅਨਸਰ ਕਿਸੇ ਵੀ ਧਰਮ ਜਾਂ ਦੇਵੀ ਦੇਵਤਿਆਂ ਪ੍ਰਤੀ ਅਪਸ਼ਬਦ ਨਾ ਬੋਲ ਸਕਣ। ਇਸੇ ਦੌਰਾਨ ਅੱਜ ਰਈਆ ਨਿਵਾਸੀ ਰਜਿੰਦਰ ਰਿਖੀ ਦੀ ਅਗਵਾਈ ਹੇਠ ਹਿੰਦੂ ਨੌਜਵਾਨਾਂ ਦਾ ਇਕ ਵਫ਼ਦ ਜਿਸ ਵਿਚ ਵਿਸ਼ਾਲ ਮੰਨਣ, ਆਸ਼ੀਸ਼ ਸ਼ਰਮਾ, ਸੁਮਿਤ ਕਾਲੀਆ, ਨਵਰੂਪ ਸਲਵਾਨ, ਅਮਿਤ ਕੁਮਾਰ, ਤੇਜਿੰਦਰ ਕੁਮਾਰ ਮੋਨੂੰ, ਸੰਜੀਵ ਸ਼ਰਮਾ, ਅਮਿਤ ਪਰਮਾਰ, ਵਿਕਾਸ ਸ਼ਰਮਾ, ਸੰਦੀਪ ਕੁਮਾਰ ਬੋਬੀ ਤੇ ਮੇਜਰ ਸਿੰਘ ਆਦਿ ਵੱਲੋਂ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਕਥਿਤ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ‘ਚ ਲਿਆਦੀ ਜਾਵੇ, ਨਹੀਂ ਤਾਂ ਉਹ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਣਗੇ, ਜਿਸ ‘ਤੇ ਕਾਰਵਾਈ ਕਰਦਿਆਂ ਥਾਣਾ ਬਿਆਸ ਦੀ ਪੁਲਿਸ ਨੇ ਵਿਸ਼ਾਲ ਮੰਨਣ ਪੁੱਤਰ ਅਸ਼ੋਕ ਕੁਮਾਰ ਮੰਨਣ ਦੇ ਬਿਆਨਾਂ ਦੇ ਅਧਾਰ ‘ਤੇ ਕਥਿਤ ਦੋਸ਼ੀ ਸਾਹਬੀ ਪੁੱਤਰ ਨਰਿੰਦਰ ਸਿੰਘ ਵਾਸੀ ਰਈਆ ਦੇ ਖਿਲਾਫ ਜ਼ੇਰੇ ਦਫਾ 295 ਏ. ਆਈ. ਪੀ. ਸੀ. 67, 67ਏ. ਆਈ. ਟੀ. ਐਕਟ. 2008 ਤਹਿਤ ਮੁਕੱਦਮਾ ਦਰਜ਼ ਕੀਤਾ ਹੈ। ਇਸ ਮੌਕੇ ਬੋਲਦਿਆਂ ਪੰਡਿਤ ਰਾਜਿੰਦਰ ਰਿਖੀ ਨੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਉਹਨਾਂ ਕਿਹਾ ਕਿ ਜੇਕਰ ਦੋਬਾਰਾ ਕਿਸੇ ਵਿਅਕਤੀ ਨੇ ਅਜਿਹੀ ਨੀਚ ਹਰਕਤ ਕੀਤੀ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ। ਇਸੇ ਦੌਰਾਨ ਹੀ ਸ਼ਿਵ ਸੈਨਾ ਆਗੂ ਅਮਰਜੀਤ ਸਿੰਘ ਅੰਬਾ, ਦਲਜੀਤ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਨਵੀਨ ਖਡਵਾਲ ਆਦਿ ਵੱਲੋਂ ਵੀ ਡੀ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।