ਰਜਨੀ ਵਾਲੀਆ, ਕਪੂਰਥਲਾ
ਵੇ ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਜਿੰਨਾਂ ਚਿਰ ਦਮ ਰਿਹਾ,
ਮਾਹੀਆ ਪਿਆਰ ਰਹੇਗਾ |
ਵੇ ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਮੇਰੇ ਦਿਲ ਦੇ ਵਿਹੜੇ ਉੱਗ ਖਲੋਤਾ,
ਪਿਆਰ ਦਾ ਇੱਕ ਬੂਟਾ ਵੇ |
ਜਦ ਤੂੰ ਗੱਲਾਂ ਕਰਦਾ ਏਂ,
ਮਿਲਦਾ ਸੁਰਗੀ ਝੂਟਾ ਵੇ |
ਦਿਲ ਦੇ ਮਹਿਲੀਂ ਤੇਰਾ,
ਸੱਜਿਆ ਦਰਬਾਰ ਰਹੇਗਾ |
ਵੇ ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਵੇ ਜੇ ਗੱਲ ਨਾ ਕਰਾਂ ,
ਤਾਂ ਮੇਰਾ ਸਰਦਾ ਨਹੀਂ |
ਢਿੱਡ ਮੇਰੀ ਰੂਹ ਦਾ ਵੀ,
ਤਾਂ ਭਰਦਾ ਨਹੀਂ |
ਮੇਰੇ ਫੁੱਲ ਬਾਗਾਂ ਦੇ ਤੇਰੇ ਲਈ,
ਲਾਗੇ ਹਿਫਾਜਤੀ ਖਾਰ ਰਹੇਗਾ |
ਵੇ ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਚਾਵਾਂ ਦੀਆਂ ਤਿਤਲੀਆਂ,
ਦੇ ਰੰਗ ਵੇਖੇ ਤੇਰੇ ਚੋਂ |
ਸਵਾਲਾਂ ਦੇ ਜਵਾਬ ਕਈ ਵੇ,
ਮਿਲ ਗਏ ਹਨੇਰੇ ਚੋਂ |
ਆ ਤੇਰਾ ਮੇਰੇ ਸਿਰ ,
ਉੱਤੇ ਉਪਕਾਰ ਰਹੇਗਾ |
ਵੇ ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਮੈਂ ਤੈਨੂੰ ਏਦਾਂ ਕਰ ਲਿਆ,
ਜਿੱਦਾਂ ਸਾਹਵਾਂ ਨਾ ਕਰੀਏ |
ਮੰਜਿਲ ਤੇ ਜਾਣ ਲੱਗੇ ਜਿਉਂ,
ਵੇ ਰਾਹਵਾਂ ਨਾ ਕਰੀਏ |
ਸਾਨੂੰ ਮਿਲਾਉਣ ਵਾਲਾ,
ਜਿਉਂਦਾ ਕਰਤਾਰ ਰਹੇਗਾ |
ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਤੂੰ ਕਮਜੋਰੀ ਲਗਦਾ ਵੇ,
ਤੇਰਾ ਨਾ ਮੈਂ ਵਿਸਾਹ ਕਰਦੀ |
ਇਹਨਾਂ ਕੰਧਾਂ ਅੰਦਰ ਮੈਂ,
ਹਾਂ ਵੇ ਹਾਲਾਤ ਕਈ ਜਰਦੀ |
ਮੰਜੀ ਤੇ ਜਿੱਦਾਂ ਮਰਜੀ ਪੈ,
ਲੱਕ ਤਾਂ ਵਿਚਕਾਰ ਰਹੇਗਾ |
ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |
ਤੁੰ ਮੈਨੂੰ ਏਨਾਂ ਕਰਦਾ ਕਿਉਂ,
ਜੋ ਵੀ ਆਖਾਂ ਜਰ ਜਾਨਾਂ ਏ |
ਮੈਨੂੰ ਆਵੇ ਤਰੇਲੀ ਤਾਂ,
ਤੂੰ ਕਿਉਂ ਥਾਂ ਹੀ ਮਰ ਜਾਨਾਂ ਏਂ |
ਖੁੱਲਿਆ ਤੇਰੇ ਲਈ ਰਜਨੀ ਦੇ,
ਦਿਲ ਦਾ ਬਾਜਾਰ ਰਹੇਗਾ |
ਆਜਾ ਦੀਦ ਤੇਰੀ,
ਲੋਚਾਂ ਇੰਤਜਾਰ ਰਹੇਗਾ |