ਅਸ਼ੋਕ ਵਰਮਾ
ਮਾਨਸਾ 26 ਅਗਸਤ। ਮਾਨਸਾ ਜਿਲੇ ’ਚ ਸਿਆਸੀ ਲੀਡਰਾਂ ਨੂੰ ਘੇਰਨ ਲਈ ਲਾਏ ਪੇਂਡੂ ਨਾਕਿਆਂ ਤੇ ਜਦੋਂ ਕੋਈ ਨੇਤਾ ਅੱਜ ਦੂਸਰੇ ਦਿਨ ਪਿੰਡਾਂ ’ਚ ਨਾਂ ਆਇਆ ਤਾਂ ਰੋਹ ’ਚ ਭੜਕੇ ਕਿਸਾਨਾਂ ਨੇ ਅਰਥੀਆਂ ਸਾੜਕੇ ਆਪਣੀ ਭੜਾਸ ਕੱਢੀ। ਕਿਸਾਨਾਂ ਨੇ ਇਸ ਮੌਕੇ ਮੋਦੀ ਸਰਕਾਰ ਨੂੰ ਜੰਮ ਕੇ ਨਿਸ਼ਾਨਾ ਬਣਾਇਆ ਤਾਂ ਪੰਜਾਬ ਸਰਕਾਰ ਵਿਰੋਧੀ ਨਾਅਰੇਬਾਜੀ ਦੌਰਾਨ ਕਿਸਾਨ ਆਗੂਆਂ ਨੇ ਸੂਬਾਂ ਹਕੂਮਤ ਨੂੰ ਭੰਡਿਆ। ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਮਾਰੂ ਆਰਡੀਨੈਂਸਾਂ ਖਿਲਾਫ ਚਲ ਰਹੇ ਸੂਬਾ ਪੱਧਰੀ ਨਾਕਾਬੰਦੀ ਸੰਘਰਸ਼ ਵਿੱਚ ਅੱਜ ਜਿਲਾ ਮਾਨਸਾ ਦੇ 81 ਪਿੰਡਾਂ ’ਚ ਨਾਕਾਬੰਦੀ ਜਾਰੀ ਰਹੀ ਅਤੇ ਵੱਡੀ ਗਿਣਤੀ ਨਾਕਿਆਂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ।
ਅੱਜ ਦੇ ਇਨਾਂ ਐਕਸ਼ਨਾਂ ਵਿੱਚ ਕਿਸਾਨ ਵਿਸ਼ੇਸ਼ ਕਰਕੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਜਿੰਨਾ ਕਿਸਾਨ ਦੋਖੀ ਸਰਕਾਰਾਂ ਦਾ ਰੱਜ ਕੇ ਪਿੱਟ ਸਿਆਪਾ ਕੀਤਾ । ਇਨਾਂ ਨਾਕਾਬੰਦੀ ਇਕੱਠਾਂ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤੇ ਖੇਤੀ ਉਜਾੜੂ ਰਵਈਏ ਦੀ ਜੋਰਦਾਰ ਨਿਖੇਧੀ ਕੀਤੀ ਅਤੇ ਆਰਡੀਨੈਂਸਾਂ, ਬਿਜਲੀ ਬਿੱਲ ਅਤੇ ਤੇਲ ਕੀਮਤ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਇਸ ਮੌਕੇ ਕਿਸਾਨਾਂ ਨੂੰ ਰਾਜਸੀ ਤੌਰ ਤੇ ਚੇਤੰਨ ਕਰਦੇ ਹੋਏ ਸਰਕਾਰੀ ਕਿਸਾਨ ਮਾਰੂ ਕਦਮਾਂ ਦੀ ਵਿਸਥਾਰ ਸਹਿਤ ਵਿਆਖਿਆ ਵੀ ਕੀਤੀ । ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਵਾਪਿਸ ਲਵੇ ਨਹੀਂ ਤਾਂ ਉਸ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਬਲਾਕ ਮਾਨਸਾ ਦੇ ਨਾਕਾ ਧਰਨਿਆਂ ਨੂੰ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ , ਬਲਾਕ ਪ੍ਰਧਾਨ ਜਗਦੇਵ ਸਿੰਘ ਤੇ ਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ,, ਬੁਢਲਾਡਾ ਬਲਾਕ ਦੇ ਨਾਕਿਆਂ ਉਤੇ ਜੁਗਿੰਦਰ ਦਿਆਲਪੁਰਾ, ਜਰਨੈਲ ਸਿੰਘ ਤੇ ਮੇਜਰ ਸਿੰਘ ਗੋਬਿੰਦਪੁਰਾ,,ਭੀਖੀ ਦੇ ਧਰਨਿਆਂ ਨੂੰ ਇੰਦਰਜੀਤ ਸਿੰਘ ਝੱਬਰ ਤੇ ਮੇਜਰ ਸਿੰਘ ਅਕਲੀਆ ,, ਝੁਨੀਰ ਬਲਾਕ ਦੇ ਪਿੰਡਾਂ ਵਿੱਚ ਮਲਕੀਤ ਸਿੰਘ, ਉੱਤਮ ਸਿੰਘ ਰਾਮਾਨੰਦੀ ਤੇ ਲੀਲੂ ਸਿੰਘ ਅਤੇ ਬਲਾਕ ਸਰਦੂਲਗੜ ਦੇ ਧਰਨਿਆਂ ਨੂੰ ਜੱਗਾ ਸਿੰਘ ਤੇ ਮਹਿੰਦਰ ਸਿੰਘ ਰੁਮਾਣਾ ਨੇ ਸੰਬੋਧਨ ਕੀਤਾ ਅਤੇ ਆਉਣ ਵਾਲੇ ਤਿੰਨ ਦਿਨ ਹੋਰ ਜੋਰਦਾਰ ਢੰਗ ਨਾਲ਼ ਨਾਕਾਬੰਦੀਆਂ ਚ ਭਾਗ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ।