ਅਸ਼ੋਕ ਵਰਮਾ
ਮਾਨਸਾ 26 ਅਗਸਤ: ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਹੇਠ ਪੰਜਾਬ ਪ੍ਰਾਪਤੀ ਸਰਵੇ ਦੀ ਤਿਆਰੀ ਲਈ ਅਧਿਆਪਕਾਂ ਦੀਆਂ ਟਰੇਨਿੰਗਾਂ ਦਾ ਦੌਰ ਵੀ ਜਾਰੀ ਹੈ। ਨੋਡਲ ਅਫਸਰ ਮਾਨਸਾ ਰੇਨੂੰ ਮਹਿਤਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਸੁਰਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਡਾਇਟ ਪ੍ਰਿੰਸੀਪਲ ਬੂਟਾ ਸਿੰਘ ਸੇਖੋਂ ਵੱਲ੍ਹੋਂ ਰਿਸੋਰਸ ਪਰਸਨ ਦੇ ਤੌਰ ਤੇ ਲਗਾਤਾਰ ਅਧਿਆਪਕਾਂ ਦੀਆਂ ਟਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਰਾਜ ਵਿੱਚ ਨੈਸ਼ਨਲ ਪ੍ਰਾਪਤੀ ਸਰਵੇ ਦੌਰਾਨ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਹੋਵੇਗੀ।
ਉਨ੍ਹਾਂ ਸਰੀਰਕ ਸਿੱਖਿਆ ਅਤੇ ਕਲਾਂ ਅਧਿਆਪਕਾਂ ਨਾਲ ਟਰੇਨਿੰਗ ਦੇ ਮਹੱਤਵਪੂਰਨ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਹੀ ਸਿੱਖਣ ਪਰਿਣਾਮਾਂ ਅਧਾਰਤ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਵਿਦਿਆਰਥੀਆਂ ਵਿੱਚ ਹਰ ਤਰ੍ਹਾਂ ਦੀ ਮੁਹਾਰਤ ਹੈ,ਪਰ ਉਨ੍ਹਾਂ ਨੂੰ ਥੋੜ੍ਹੀ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਰ ਨਤੀਜੇ ਬੇਹਤਰ ਆ ਰਹੇ ਹਨ,ਜਿਸ ਕਰਕੇ ਸਰਵੇ ਦੌਰਾਨ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਹੋਵੇਗੀ।
ਨੋਡਲ ਅਫਸਰ ਰੇਨੂੰ ਮਹਿਤਾ ,ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਜਗਰੂਪ ਭਾਰਤੀ ਨੇ ਜਿਲ੍ਹਾ ਮਾਨਸਾ ਦੇ ਸਮੂਹ ਆਰਟ ਕਰਾਫ਼ਟ ਟੀਚਰਾਂ ਅਤੇ ਸਰੀਰਿਕ ਸਿੱਖਿਆ ਟੀਚਰਾਂ ਦੀ ਜੂਮ ਐਪ ਰਾਂਹੀ ਪੰਜਾਬ ਅਚੀਵਮੈਂਟ ਸਰਵੇ ਦੀ ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਅਧਿਆਪਕਾਂ ਵੱਲ੍ਹੋਂ ਪੰਜਾਬ ਪ੍ਰਾਪਤੀ ਸਰਵੇ ਦੀ ਤਿਆਰੀ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਇਸ ਸਰਵੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਅਤੇ ਹਰ ਵਿਸ਼ੇ ਦੇ ਪੰਜਾਬ ਅਚੀਵਮੈਂਟ ਸਰਵੇ ਵਿੱਚ ਵਿਦਿਆਰਥੀਆਂ ਦੀ ਸੌ ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਨੇ ਜਿਥੇਂ ਨਵੇਂ ਦਾਖਲਿਆਂ ਚ ਪਿਛਲੇ ਪੰਜ ਸਾਲ ਦੇ ਰਿਕਾਰਡ ਤੋੜੇ ਹਨ ਅਤੇ ਹਰ ਵਾਰ ਦਸਵੀਂ, ਬਾਰਵੀਂ ਜਮਾਤਾਂ ਦੇ ਨਤੀਜਿਆਂ ਦੌਰਾਨ ਪੰਜਾਬ ਚ ਚੰਗੀ ਕਾਰਗੁਜ਼ਾਰੀ ਦਿਖਾਈ ਹੈ,ਹੁਣ ਨੈਸ਼ਨਲ ਪ੍ਰਾਪਤੀ ਸਰਵੇ ਵਿੱਚ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਰ ਪੱਖੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਸ਼ਾਨਦਾਰ ਹੋਵੇਗੀ।
ਇਸ ਮੀਟਿੰਗ ਦੌਰਾਨ ਜ਼ਿਲ੍ਹਾ ਗਾਈਡੈਂਸ ਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ,ਡੀ ਐਮ ਬਲਜਿੰਦਰ ਜੋੜਕੀਆਂ, ਪਰਵਿੰਦਰ ਸਿੰਘ ਡੀਐੱਮ ਕੰਪਿਊਟਰ ਸਾਇੰਸ, ਰਾਹੁਲ ਮੋਦਗਿੱਲ, ਬਲਵੰਤ ਰਾਮ ਅਤੇ ਬਲਤੇਜ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।